ਹਸਪਤਾਲ ਤੋਂ ਦਵਾਈ ਲੈ ਕੇ ਆਉਂਦੇ ਸਮੇਂ ਵਾਪਰਿਆ ਹਾਦਸਾ
ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਜਿਥੇ ਇਕ ਕਾਰ ਨਹਿਰ ਵਿਚ ਡਿੱਗਣ ਨਾਲ ਇਕੋ ਪ੍ਰਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਮ੍ਰਿਤਕਾਂ ਦੇ ਵਾਰਸਾਂ ਵਿਚ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਇਕ ਘੰਟੇ ਦੇ ਬਚਾਅ ਕਾਰਜ ਤੋਂ ਬਾਅਦ 5 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ: ਕਾਲੀ ਵੇਈਂ ’ਚ ਰੁੜ੍ਹਿਆ 15 ਸਾਲਾ ਮੁੰਡਾ, ਪ੍ਰਵਾਰਕ ਮੈਂਬਰਾਂ ਤੇ ਪੁਲਿਸ ਵਲੋਂ ਭਾਲ ਜਾਰੀ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵੱਡਾ ਹਾਦਸਾ ਕੋਤਵਾਲੀ ਦੇਹਤ ਥਾਣਾ ਖੇਤਰ ਦੇ ਵੇਵਰ ਬੈਰਾਜ 'ਚ ਵਾਪਰਿਆ। ਇਸ ਘਟਨਾ 'ਚ ਜਾਨ ਗਵਾਉਣ ਵਾਲੇ ਸਾਰੇ ਲੋਕ ਕਾਸਗੰਜ ਦੇ ਗੰਜਦੁੰਡਵਾੜਾ ਇਲਾਕੇ ਦੇ ਰਹਿਣ ਵਾਲੇ ਸਨ, ਜੋ ਬੱਚੀ ਦਾ ਇਲਾਜ ਕਰਵਾਉਣ ਲਈ ਏਟਾ ਆ ਰਹੇ ਸਨ ਕਿ ਕਾਰ ਬੇਕਾਬੂ ਹੋ ਕੇ ਨਹਿਰ 'ਚ ਜਾ ਡਿੱਗੀ ਅਤੇ ਹਾਦਸੇ 'ਚ ਸਾਰਿਆਂ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਇਸ ਵੱਡੇ ਹਾਦਸੇ 'ਚ 2 ਔਰਤਾਂ ਸਮੇਤ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਨਾਂ ਵਿਨੀਤਾ ਪਤਨੀ ਨੀਰਜ, ਤੇਜੇਂਦਰ ਪੁੱਤਰ ਜਮੁਨਾ ਪ੍ਰਸਾਦ, ਸੰਤੋਸ਼ ਪੁੱਤਰ ਤੇਜੇਂਦਰ, ਸ਼ਿਵਮ ਪੁੱਤਰ ਰਾਕੇਸ਼ ਅਤੇ ਨੀਰਜ ਪੁੱਤਰ ਜੋਧਾ ਸਿੰਘ ਦੱਸੇ ਗਏ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਬਚਾਅ ਮੁਹਿੰਮ ਚਲਾ ਕੇ ਕਾਰ ਸਮੇਤ 5 ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।