ਇਕ ਮੁਲਜ਼ਮ ਸਾਲ 2022 ਵਿੱਚ ਭਾਰਤੀ ਫ਼ੌਜ ਵਿੱਚ ਬਤੌਰ ਅਗਨੀਵੀਰ ਸਿਪਾਹੀ ਹੋਇਆ ਸੀ ਭਰਤੀ
ਮੋਹਾਲੀ ਪੁਲੀਸ ਵੱਲੋ ਲੁੱਟਾਂ-ਖੋਹਾਂ ਅਤੇ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ 03 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ ਖੋਹ ਕੀਤੀ 01 ਟੈਕਸੀ ਮਾਰਕਾ ਡਿਜ਼ਾਇਰ, ਇੱਕ ਐਕਟਿਵਾ, ਇੱਕ ਬੁਲੇਟ ਮੋਟਰਸਾਈਕਲ ਅਤੇ ਇੱਕ ਦੇਸੀ ਪਿਸਤੌਲ 315 ਬੋਰ ਸਮੇਤ ਕਾਰਤੂਸ ਬ੍ਰਾਮਦ ਕੀਤਾ ਗਿਆ ਹੈ।
ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੌਰਾਨ ਸ਼੍ਰੀਮਤੀ ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਹਰਸਿਮਰਨ ਸਿੰਘ ਛੇਤਰਾ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ: ਹਰਮਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਕੈਂਪ ਖਰੜ, ਦੀ ਟੀਮ ਨੇ ਇਹ ਸਫਲਤਾ ਹਾਸਲ ਕੀਤੀ ਹੈ।
ਡਾ.ਗਰਗ ਨੇ ਦੱਸਿਆ ਕਿ ਮਿਤੀ 23.07.2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਇਸ਼ਮੀਤ ਸਿੰਘ ਉਰਫ ਈਸ਼, ਪ੍ਰਭਪ੍ਰੀਤ ਸਿੰਘ ਉਰਫ ਪ੍ਰਭ ਅਤੇ ਬਲਕਰਨ ਸਿੰਘ, ਜੋ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਵਾਹਨ ਚੋਰੀ ਅਤੇ ਨਜਾਇਜ਼ ਹਥਿਆਰਾਂ ਨਾਲ ਡਰਾ ਧਮਕਾ ਕੇ ਗੱਡੀਆਂ ਦੀ ਖੋਹ ਕਰਦੇ ਹਨ ਅਤੇ ਚੋਰੀ/ਖੋਹ ਕੀਤੀਆਂ ਗੱਡੀਆਂ ਉੱਤੇ ਜਾਅਲੀ ਨੰਬਰ ਪਲੇਟਾਂ ਲਗਾਕੇ ਆਪ ਜਾਂ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਵਰਤਦੇ ਹਨ ਅਤੇ ਅੱਗੇ ਵੇਚਦੇ ਹਨ।
ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ: 26 ਮਿਤੀ 23.07.2024 ਅ / ਧ 303(2),307,308(3),317(2), 341(2), 3(5) ਬੀ ਐਨ ਐੱਸ, 25-54-59 ਅਸਲਾ ਐਕਟ, ਥਾਣਾ ਸਦਰ ਕੁਰਾਲੀ, ਐਸ.ਏ.ਐਸ ਨਗਰ ਰਜਿਸਟਰ ਕੀਤਾ ਗਿਆ ਸੀ। ਮੁਕੱਦਮੇ ਦੀ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋ ਮੁਲਜ਼ਮ ਕਰੀਬ 02 ਮਹੀਨਿਆਂ ਤੋਂ ਬਲੌਂਗੀ ਵਿਖੇ ਪੀ.ਜੀ. ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੇ ਸੀ।
ਮੁਲਜ਼ਮ ਇਸ਼ਮੀਤ ਸਿੰਘ ਉਰਫ ਈਸ਼ੂ ਨਵੰਬਰ ਸਾਲ 2022 ਵਿੱਚ ਭਾਰਤੀ ਫ਼ੌਜ ਵਿੱਚ ਬਤੌਰ ਅਗਨੀਵੀਰ ਸਿਪਾਹੀ ਭਰਤੀ ਹੋਇਆ ਸੀ। ਜੋ ਕਿ ਪੱਛਮੀਂ ਬੰਗਾਲ ਵਿੱਚ ਡਿਊਟੀ ਕਰਦਾ ਸੀ। ਉਹ ਕਰੀਬ 02 ਮਹੀਨੇ ਪਹਿਲਾਂ ਲਗਪਗ 01 ਮਹੀਨੇ ਦੀ ਛੁੱਟੀ ਆਇਆ ਸੀ। ਛੁੱਟੀ ਤੋਂ ਬਾਅਦ ਇਸ਼ਮੀਤ ਸਿੰਘ ਆਪਣੀ ਡਿਊਟੀ 'ਤੇ ਵਾਪਸ ਨਹੀਂ ਗਿਆ। ਬਲੌਂਗੀ ਵਿਖੇ ਕਿਰਾਏ 'ਤੇ ਕਮਰਾ ਲੈ ਕੇ ਦੋਸ਼ੀ ਇਸ਼ਮੀਤ ਸਿੰਘ ਆਪਣੇ ਭਰਾ ਪ੍ਰਭਪ੍ਰੀਤ ਸਿੰਘ ਅਤੇ ਆਪਣੇ ਦੋਸਤ ਬਲਕਰਨ ਸਿੰਘ ਨਾਲ ਮਿਲਕੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ।
ਇਸ਼ਮੀਤ ਸਿੰਘ ਨੇ ਪੁੱਛ ਪੜਤਾਲ 'ਤੇ ਦੱਸਿਆ ਕਿ ਉਹ ਨਜਾਇਜ਼ ਹਥਿਆਰ ਛੁੱਟੀ ਆਉਣ ਸਮੇਂ ਕਾਨਪੁਰ, ਯੂ.ਪੀ. ਤੋਂ ਲੈ ਕੇ ਆਇਆ ਸੀ। 20/21-07-2024 ਦੀ ਦਰਮਿਆਨੀ ਰਾਤ ਨੂੰ ਇਹ ਇੰਨਡਰਾਇਵ ਐਪ ਰਾਹੀਂ ਬੁੱਕ ਕੀਤੀ ਟੈਕਸੀ ਰਾਹੀ ਚੱਲ ਪਏ ਅਤੇ ਚੱਪੜਚਿੱੜੀ ਨੇੜੇ ਗੰਨ ਪੁਆਇੰਟ 'ਤੇ ਟੈਕਸੀ ਰੋਕ ਕੇ ਅਤੇ ਉਸ ਦੀਆ ਅੱਖਾਂ 'ਤੇ ਮਿਰਚਾ ਵਾਲੀ ਸਪਰੇਅ ਮਾਰਕੇ ਟੈਕਸੀ ਖੋਹ ਲਈ। ਟੈਕਸੀ ਚਾਲਕ ਵੱਲੋਂ ਵਿਰੋਧਤਾ ਕਰਨ 'ਤੇ ਦੇਸੀ ਪਿਸਤੌਲ 315 ਬੋਰ ਦਾ ਫਾਇਰ ਵੀ ਕੀਤਾ। ਇਸ ਬਾਬਤ ਥਾਣਾ ਬਲੌਂਗੀ ਵਿਖੇ ਮੁਕਦਮਾ ਨੰਬਰ 167 ਮਿਤੀ 21-07-2024 ਅ / ਧ 307, 308, 125. 61(2) ਬੀ.ਐਨ.ਐਸ. ਅਤੇ 25/27-54-59 ਅਸਲਾ ਐਕਟ ਦਰਜ ਕੀਤਾ ਗਿਆ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।