
ਅਦਾਲਤ ਦੀ ਮਾਣਹਾਨੀ : ਪ੍ਰਸ਼ਾਂਤ ਭੂਸ਼ਣ ਨੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ
ਕਿਹਾ-ਮਾਫ਼ੀ ਮੰਗਣਾ ਮੇਰਾ ਹੀ ਅਪਮਾਨ ਹੋਵੇਗਾ
ਨਵੀਂ ਦਿੱਲੀ, 24 ਅਗੱਸਤ : ਪ੍ਰਸਿੱਧ ਵਕੀਲ ਅਤੇ ਕਾਰਕੁਨ ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਪ੍ਰਤੀ ਅਪਮਾਨਜਨਕ ਟਿਪਣੀਆਂ ਕਰਨ ਲਈ ਸੁਪਰੀਮ ਕੋਰਟ ਤੋਂ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਜਿਸ 'ਤੇ ਉਹ ਪੂਰੀ ਤਰ੍ਹਾਂ ਕਾਇਮ ਹਨ। ਭੂਸ਼ਣ ਨੇ ਮਾਣਹਾਨੀ ਦੇ ਮਾਮਲੇ ਵਿਚ ਦਾਖ਼ਲ ਅਪਣੇ ਪੂਰਕ ਬਿਆਨ ਵਿਚ ਕਿਹਾ ਕਿ ਪਖੰਡਪੂਰਨ ਮਾਫ਼ੀ ਯਾਚਨਾ ਮੇਰੀ ਅੰਤਰਆਤਮਾ ਅਤੇ ਇਕ ਸੰਸਥਾ ਦੇ ਅਪਮਾਨ ਬਰਾਬਰ ਹੋਵੇਗਾ।
ਸਿਖਰਲੀ ਅਦਾਲਤ ਨੇ ਪ੍ਰਸ਼ਾਂਤ ਨੂੰ ਟਵਿਟਰ 'ਤੇ ਕੀਤੀਆਂ ਟਿਪਣੀਆਂ ਲਈ ਅਦਾਲਤ ਦੀ ਅਪਰਾਧਕ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਹੈ। ਭੂਸ਼ਣ ਨੇ ਕਿਹਾ ਕਿ ਅਦਾਲਤ ਦੇ ਅਧਿਕਾਰੀ ਵਜੋਂ ਉਸ ਦਾ ਮੰਨਣਾ ਹੈ ਕਿ ਜਦ ਵੀ ਉਸ ਨੂੰ ਲਗਦਾ ਹੈ ਕਿ ਇਹ ਸੰਸਥਾ ਅਪਣੇ ਰੀਕਾਰਡ ਤੋਂ ਭਟਕ ਰਹੀ ਹੈ ਤਾਂ ਇਸ ਬਾਰੇ ਆਵਾਜ਼ ਚੁਕਣਾ ਉਨ੍ਹਾਂ ਦਾ ਫ਼ਰਜ਼ ਹੈ। ਭੂਸ਼ਣ ਨੇ ਕਿਹਾ, 'ਮੈਂ ਅਪਣੇ ਵਿਚਾਰ ਚੰਗੀ ਭਾਵਨਾ ਨਾਲ ਪ੍ਰਗਟ ਕੀਤੇ। ਨਾ ਤਾਂ ਸੁਪਰੀਮ ਕੋਰਟ ਜਾਂ ਕਿਸੇ ਮੁੱਖ ਜੱਜ ਨੂੰ ਬਦਨਾਮ ਕਰਨ ਲਈ, ਸਗੋਂ ਰਚਨਾਤਮਕ ਆਲੋਚਨਾ ਪੇਸ਼ ਕਰਨ ਲਈ ਤਾਕਿ ਸੰਵਿਧਾਨ ਪ੍ਰਤੀ ਲੋਕਾਂ ਦੇ ਅਧਿਕਾਰਾਂ ਦੇ ਰਾਖੇ ਵਜੋਂ ਅਪਣੀ ਭੂਮਿਕਾ ਤੋਂ ਇਸ ਨੂੰ ਭਟਕਣ ਤੋਂ ਰੋਕਿਆ ਜਾ ਸਕੇ।' ਉਨ੍ਹਾਂ ਕਿਹਾ ਕਿ ਮਾਫ਼ੀ ਮੰਗਣਾ ਸਿਰਫ਼ ਰਸਮ ਨimageਹੀਂ ਹੋ ਸਕਦੀ ਅਤੇ ਇਹ ਪੂਰੀ ਗੰਭੀਰਤਾ ਨਾਲ ਮੰਗੀ ਜਾਣੀ ਚਾਹੀਦੀ ਹੈ।
ਅਦਾਲਤ ਨੇ 20 ਅਗੱਸਤ ਨੂੰ ਭੂਸ਼ਣ ਨੂੰ ਕਿਹਾ ਸੀ ਕਿ ਉਹ ਅਪਣੇ ਬਗ਼ਾਵਤੀ ਬਿਆਨ 'ਤੇ ਮੁੜ ਵਿਚਾਰ ਕਰੇ ਅਤੇ ਅਦਾਲਤ ਕੋਲੋਂ ਬਿਨਾਂ ਸ਼ਰਤ ਮਾਫ਼ੀ ਮੰਗੇ। (ਏਜੰਸੀ)