
ਅੱਜ ਤੋਂ ਪਿੰਡਾਂ ਵਿਚ ਅਕਾਲੀ-ਭਾਜਪਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦਾ ਦਾਖ਼ਲਾ ਬੰਦ ਕਰਨਗੇ ਕਿਸਾਨ
ਭਾਰਤੀ ਕਿਸਾਨ ਯੂਨੀਅਨ ਨੇ ਕੀਤੀ ਨਾਕੇਬੰਦੀ ਦੀ ਤਿਆਰੀ
ਚੰਡੀਗੜ੍ਹ, 24 ਅਗੱਸਤ (ਗੁਰਉਪਦੇਸ਼ ਭੁੱਲਰ): ਕੇਂਦਰ ਦੀ ਮੋਦੀ ਸਰਕਾਰ ਵਲੋਂ ਜਾਰੀ ਤਿੰਨ ਖੇਤੀ ਆਰਡੀਨੈਂਸਾਂ ਵਿਰੁਧ ਪੰਜਾਬ ਵਿਚ ਕਿਸਾਨਾਂ ਦਾ ਰੋਸ ਦਿਨੋਂ ਦਿਨ ਵੱਧ ਰਿਹਾ ਹੈ। ਸਰਕਾਰ ਵਲੋਂ ਲਗਾਈਆਂ ਗਈਆਂ ਦਫ਼ਾ 144 ਦੀਆਂ ਪਾਬੰਦੀਆਂ ਬਾਵਜੂਦ ਕਿਸਾਨਾਂ ਨੇ ਅੰਦਲੋਨ ਜਾਰੀ ਰੱਖਣ ਦਾ ਐਲਾਨ ਕਰ ਦਿਤਾ ਹੈ। ਹੁਣ ਕਿਸਾਨ ਆਗੂਆਂ ਨੇ ਪੰਜਾਬ ਦੇ ਅਕਾਲੀ-ਭਾਜਪਾ ਨਾਲ ਸਬੰਧਤ ਚੁਣੇ ਹੋਏ ਸੰਸਦ ਮੈਂਬਰਾਂ ਤੇ ਵਿਧਾਇਕ ਦੇ ਵਿਰੋਧ ਉਤੇ ਵੱਧ ਧਿਆਨ ਕੇਂਦਰਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੀ ਸ਼ਾਮਲ ਹੈ। 25 ਅਗੱਸਤ ਤੋਂ ਸੂਬੇ ਵਿਚ ਹਰ ਪਿੰਡ ਵਿਚ ਨਾਕਾਬੰਦੀ ਕਰ ਕੇ ਅਕਾਲੀ-ਭਾਜਪਾ ਆਗੂਆਂ ਦਾ ਦਾਖ਼ਲਾ ਬੰਦ ਕਰਨ ਦੀ ਤਿਆਰੀ ਕੀਤੀ ਗਈ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਗਹਾ ਦਾ ਕਹਿਣ ਹੈ ਕਿ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਇਸ ਐਕਸ਼ਨ ਦੀ ਤਿਆਰੀ ਕਰ ਕੇ ਲਾਮਬੰਦੀ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕਿਸਾਨਾਂ ਵਲੋਂ ਬਹੁਤ ਭਰਵਾਂ ਸਮਰਥਨ ਮਿਲ ਰਿਹਾ ਹੈ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਜਦ ਤਕ ਮੋਦੀ ਸਰਕਾਰ ਜਾਰੀ ਆਰਡੀਨੈਂਸ ਵਾਪਸ ਨਹੀਂ ਲੈਂਦੀ, ਉਦੋਂ ਤਕ ਅਕਾਲੀ-ਭਾਜਪਾ ਮੈਂਬਰਾਂ ਨੂੰ ਪਿੰਡਾਂ ਵਿਚ ਆ ਕੇ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਕਰਨ ਦਿਤਾ ਜਾਵੇਗਾ ਤੇ ਪਿੰਡ ਵਿਚ ਦਾਖ਼ਲ ਹੁੰਦਿਆਂ ਹੀ ਘਿਰਾਉ ਕਰ ਕੇ ਸਵਾਲ ਪੁੱਛੇ ਜਾਣਗੇ। ਪ੍ਰਸਤਾਵਿਤ ਬਿਜਲੀ ਐਕਟ ਅਤੇ ਭੂਮੀ ਅਦਿਗ੍ਰਹਿ ਐਕਟ ਦਾ ਵੀ ਵਿਰੋਧimage
ਕੀਤਾ ਜਾ ਰਿਹਾ ਹੈ। ਲਿਖਣ ਬੋਲਣ ਦੀ ਆਜ਼ਾਦੀ ਉਤੇ ਪਾਬੰਦੀਆਂ ਦਾ ਵੀ ਯੂਨੀਅਨ ਵਿਰੋਧ ਕਰ ਰਹੀ ਹੈ।