
ਬੁੱਢੀ ਮਾਂ ਨੂੰ ਰੋਲਣ ਵਾਲੇ ਧੀਆਂ-ਪੁੱਤ ਮਹਿਲਾ ਕਮਿਸ਼ਨ ਅੱਗੇ ਪੇਸ਼
ਸੀਨੀਅਰ ਸਿਟੀਜ਼ਨ ਐਕਟ ਦੇ ਨਾਲ ਆਈ.ਪੀ.ਸੀ. ਦੀ ਧਾਰਾ ਲਗਾਉਣ ਲਈ ਕਿਹਾ
ਚੰਡੀਗੜ੍ਹ, 24 ਅਗੱਸਤ (ਗੁਰਉਪਦੇਸ਼ ਭੁੱਲਰ) : ਸ੍ਰੀ ਮੁਕਤਸਰ ਵਿਚ 82 ਸਾਲਾ ਬਜ਼ੁਰਗ ਮਹਿਲਾ ਮਹਿੰਦਰ ਕੌਰ ਦੀ ਪਰਵਾਰ ਵਲੋਂ ਅਣਗਹਿਲੀ ਦੇ ਚੱਲਦੇ ਮੌਤ ਮਾਮਲੇ ਵਿਚ ਮਹਿਲਾ ਕਮਿਸ਼ਨ ਵਲੋਂ ਸਰਕਾਰ ਨੂੰ ਪਰਵਾਰ ਉੱਤੇ ਸਖ਼ਤ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ਤਾਂ ਜੋ ਅਜਿਹਾ ਕੋਈ ਮਾਮਲਾ ਦੁਬਾਰਾ ਨਾ ਆਵੇ।
ਪੱਤਰਕਾਰਾਂ ਨੂੰ ਜਾਣਕਾਰੀ ਹੁੰਦੇ ਹੋਏ ਮਨੀਸ਼ਾ ਗੁਲਾਟੀ। (ਸੰਤੋਖ ਸਿੰਘ)
ਜ਼ਿਕਰਯੋਗ ਹੈ ਕਿ ਇਸ ਮਾਂ ਨਾਲ ਬਦਸਲੂਕੀ ਦਾ ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਮ੍ਰਿਤਕ ਬਜ਼ੁਰਗ ਮਹਿਲਾ ਦੇ ਪਰਵਾਰ ਨੂੰ ਸੰਮਨ ਭੇਜ ਕੇ ਅੱਜ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਅੱਜ ਬਜ਼ੁਰਗ ਮਾਤਾ ਨਾਮ ਮਹਿੰਦਰ ਕੌਰ ਦੇ ਦੋ ਪੁੱਤਰ ਤੇ ਦੋ ਧੀਆਂ ਪੰਜਾਬ ਮਹਿਲਾ ਕਮਿਸ਼ਨ ਕੋਲ ਪੇਸ਼ ਹੋਏ।
ਇਸ ਸਬੰਧੀ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦਸਿਆ ਕਿ ਪਰਵਾਰਕ ਮੈਂਬਰ ਕਿਸੇ ਵੀ ਸਵਾਲਾਂ ਦੇ ਸਟੀਕ ਜਵਾਬ ਨਹੀਂ ਦੇ ਸਕੇ। ਉਨ੍ਹਾਂ ਦਸਿਆ ਕਿ ਪਰਵਾਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਸਮਾਜ ਲਈ ਉਦਾਹਰਨ ਬਣੇ ਅਤੇ ਹੋਰ ਕੋਈ ਜੋ ਕੋਈ ਅਜਿਹਾ ਨਾ ਕਰੇ।
ਬਜ਼ੁਰਗ ਮਹਿਲਾ ਨੂੰ ਸੜਕ ਕਿਨਾਰੇ ਬੁਰੀ ਹਾਲਤ ਵਿਚ ਪਾਇਆ ਗਿਆ ਸੀ ਅਤੇ ਉਸ ਦੇ ਸਿਰ ਵਿਚ ਕੀੜੇ ਪਏ ਹੋਏ ਸਨ। ਉਥੋਂ ਦੀ ਇਕ ਐਨਜੀਓ ਤੇ ਪੁਲਿਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਜਿਥੇ ਉਸ ਦੀ ਮੌਤ ਹੋ ਗਈ।
ਮਹਿਲਾ ਕਮਿਸ਼ਨ ਵਲੋਂ ਬਜ਼ੁਰਗ ਦੇ ਪਰਵਾਰ ਨੂੰ ਸੰਮਨ ਕੀਤਾ ਗਿਆ ਸੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦਸਿਆ ਕਿ ਮਹਿਲਾ ਦੇ ਦੋਵੇਂ ਬੇਟੇ ਅਤੇ ਦੋ ਬੇਟੀਆਂ ਪੇਸ਼ ਹੋਈਆਂ। ਉਨ੍ਹਾਂ ਕੋਲ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਸੀ ਸਗੋਂ ਮਾਫ਼ੀਆਂ ਮੰਗਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਘਿਨੌਣੀ ਘਟਨਾ ਸਾਹਮਣੇ ਆਈ ਹੈ। ਕਮਿਸ਼ਨ ਵੱਲੋਂ ਐਕਟ ਦੇ ਤਹਿਤ ਪਰਵਾਰਕ ਮੈਂਬਰਾਂ ਲਈ ਤਿੰਨ ਮਹੀਨੇ ਦੀ ਸਜ਼ਾ ਅਤੇ ਪੰੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਿਫ਼ਾਰਸ਼ ਕੀਤੀ ਗਈ ਹੈ। ਗੁਲਾਟੀ ਨੇ ਨਾਲ ਹੀ ਇਹ ਵੀ ਮੰਗ ਕੀਤੀ ਕਿ ਜਿਹੜਾ ਸੀਨੀਅਰ ਸਿਟੀਜ਼ਨ ਐਕਟ ਪਾਰਲੀਮੈਂਟ ਵਿਚ ਪੈਂਡਿੰਗ ਹੈ, ਉਹ ਪਾਸ ਕੀਤਾ ਜਾਵੇ। ਗੁਲਾਟੀ ਨੇ ਪੰਜਾਬ ਵਿਚਲੇ ਬਿਰਧ ਆਸ਼ਰਮਾਂ ਬਾਰੇ ਵੀ 15 ਦਿਨ ਵਿਚ ਰਿਪੋਰਟ ਮੰਗੀ ਹੈ ਕਿ ਉਥੇ ਜਿਹੜੇ ਬਜ਼ੁਰਗ ਰਹਿ ਰਹੇ ਹਨ, ਉਹ ਕਿਸ ਕਾਰਨ ਕਰ ਕੇ ਰਹੇ ਹਨ। ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮਾਂ ਦੀ ਇੰਸਪੈਕਸ਼ਨ ਵੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਤੋਂ ਵੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਉੱਤੇ ਰਿਪੋਰਟ ਮੰਗੀ ਸੀ ਜੋ ਅਜੇ ਆਉਣੀ ਬਾਕੀ ਹੈ।