
ਕੁੰਵਰ ਵਿਜੈ ਪ੍ਰਤਾਪ ਨੇ ਕੋਟਕਪੂਰਾ ਗੋਲੀ ਕਾਂਡ ਬਾਰੇ ਫ਼ੈਸਲੇ ਨੂੰ ਡਬਲ ਬੈਂਚ ਵਿਚ ਦਿਤੀ ਚੁਨੌਤੀ
ਡਬਲ ਬੈਂਚ ਨੇ ਪਟੀਸ਼ਨ ਸੁਣਵਾਈ ਲਈ ਪ੍ਰਵਾਨ ਕਰ ਕੇ 7 ਦਸੰਬਰ ਦੀ ਤਰੀਕ ਪਾਈ
ਚੰਡੀਗੜ੍ਹ, 23 ਅਗੱਸਤ (ਗੁਰਉਪਦੇਸ਼ ਭੁੱਲਰ): ‘ਆਪ’ ਵਿਚ ਸ਼ਾਮਲ ਹੋ ਚੁੱਕੇ ਸਾਬਕਾ ਆਈ.ਜੀ. ਤੇ ਸਿੱਟ ਦੇ ਸਾਬਕਾ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹੁਣ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰੱਦ ਕਰਨ ਵਿਰੁਧ ਹਾਈ ਕੋਰਟ ਦੇ ਡਬਲ ਬੈਂਚ ਵਿਚ ਚੁਨੌਤੀ ਦਿੰਦਿਆਂ ਅਪੀਲ ਦਾਇਰ ਕੀਤੀ ਹੈ। ਡਬਲ ਬੈਂਚ ਨੇ ਇਸ ਨੂੰ ਸੁਣਵਾਈ ਲਈ ਪ੍ਰਵਾਨ ਕਰਦਿਆਂ 7 ਦਸੰਬਰ ਦੀ ਤਰੀਕ ਰੱਖੀ ਹੈ।
ਜ਼ਿਕਰਯੋਗ ਹੈ ਕਿ ਸਿੰਗਲ ਬੈਂਚ ਦੇ ਫ਼ੈਸਲੇ ਬਾਅਦ ਕੁੰਵਰ ਵਿਜੇ ਨੇ ਸਰਕਾਰੀ ਅਹੁਦੇ ਤੋਂ ਅਸਤੀਫ਼ਾ ਦਿਤਾ ਸੀ। ਉਨ੍ਹਾਂ ਡਬਲ ਬੈਂਚ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਕਿ ਉਨ੍ਹਾਂ ਦੀ ਜਾਂਚ ਰੀਪੋਰਟ ਪੂਰੀ ਤਰ੍ਹਾਂ ਸਹੀ ਹੈ ਅਤੇ ਉਨ੍ਹਾਂ ਵਿਰੁਧ ਫ਼ੈਸਲੇ ਸਮੇਂ ਕੀਤੀਆਂ ਟਿਪਣੀਆਂ ਵੀ ਵਾਪਸ ਲਈਆਂ ਜਾਣੀਆਂ ਚਾਹੀਦੀਆਂ ਹਨ। ਸਿੰਗਲ ਬੈਂਚ ਨੇ ਫ਼ੈਸਲਾ ਸੁਣਾਉਣ ਸਮੇਂ ਕੁੰਵਰ ਵਿਜੇ ਪ੍ਰਤਾਪ ਸਿੰਘ ਉਪਰ ਇਕਤਰਫ਼ਾ ਜਾਂਚ ਕਰਨ ਦੀ ਗੱਲ ਕਹਿੰਦਿਆਂ ਸਖ਼ਤ ਟਿਪਣੀਆਂ ਕਰਨ ਦੇ ਨਾਲ ਨਾਲ ਬਾਦਲਾਂ ਨੂੰ ਵੀ ਕਲੀਨਚਿੱਟ ਦੇ ਦਿਤੀ ਸੀ। ਸਰਕਾਰ ਨੂੰ ਨਵੀਂ ਸਿੱਟ ਬਣਾਉਣ ਲਈ ਕਿਹਾ ਸੀ। ਨਵੀਂ ਸਿੱਟ ਜਾਂਚ ਕਰ ਵੀ ਰਹੀ ਹੈ। ਇਸੇ ਦੌਰਾਨ ਪੰਜਾਬ ਸਰਕਾਰ ਨੇ ਵੀ ਹਾਈ ਕੋਰਟ ਦੇ ਫ਼ੈਸਲੇ ਨੂੰ ਐਸ.ਐਲ.ਪੀ. ਰਾਹੀਂ ਸੁਪਰੀਮ ਕੋਰਟ ਵਿਚ ਵੀ ਚੁਨੌਤੀ ਦਿਤੀ ਹੈ। ਕੁੰਵਰ ਵਿਜੇ ਪ੍ਰਤਾਪ ਨੇ ਹਾਈ ਕੋਰਟ ਦੇ ਹੀ ਡਬਲ ਬੈਂਚ ਵਿਚ ਜਨਹਿਤ ਪਟੀਸ਼ਨ ਪਾਈ ਹੈ।