
ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ, ਅਸੀਂ ਹਾਈਕਮਾਨ ਕੋਲੋਂ ਸਮਾਂ ਮੰਗਿਆ ਹੈ, ਇਨ੍ਹਾਂ ਮੁੱਦਿਆਂ ਨੂੰ ਹਾਈਕਮਾਨ ਕੋਲ ਲਿਜਾਇਆ ਜਾਵੇਗਾ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ (Tripat Rajinder Singh Bajwa) ਦੇ ਘਰ ਕਈ ਮੰਤਰੀਆਂ ਅਤੇ ਵਿਧਾਇਕਾਂ ਦੀ ਬੈਠਕ ਹੋਈ ਹੈ। ਇਸ ਦੌਰਾਨ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਉੱਠੀ ਹੈ। ਮੀਟਿੰਗ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਕੈਪਟਨ ਨੂੰ ਲਾਂਭੇ ਕਰਨ ਦੀ ਮੰਗ ਰੱਖੀ ਜਾਵੇਗੀ, ਕਿਉਂਕਿ ਉਨ੍ਹਾਂ ਦੀ ਅਗਵਾਈ ਵਿਚ ਕੰਮ ਨਹੀਂ ਹੋ ਰਹੇ।
Captain Amarinder Singh
ਮੀਟਿੰਗ ਤੋਂ ਬਾਅਦ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ (Captain Amarinder Singh) 'ਤੇ ਵਾਰ ਕਰਦਿਆਂ ਕਿਹਾ ਕਿ, “ਕੈਪਟਨ ਅਕਾਲੀ ਦਲ ਨਾਲ ਮਿਲੇ ਹੋਏ ਹਨ ਅਤੇ ਮਿਲ ਕੇ ਗੇਮ ਖੇਡ ਰਹੇ ਹਨ। ਸਾਢੇ ਚਾਰ ਸਾਲ 'ਚ ਜੋ ਮੁੱਖ ਮੰਤਰੀ ਘਰੋਂ ਬਾਹਰ ਨਹੀਂ ਨਿਕਲਿਆ ਉਹ ਸਾਡੇ ਲਈ ਅਤੇ ਕਾਂਗਰਸ ਲਈ ਬਦਕਿਸਮਤੀ ਹੈ। ਕੈਪਟਨ ਕਾਂਗਰਸ ਨੂੰ ਮਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।"
Tript Rajinder Singh Bajwa
ਉਨ੍ਹਾਂ ਕਿਹਾ ਕਿ, “ਕੈਪਟਨ ਦੀ ਸੋਚ ਗਲਤ ਹੋ ਗਈ ਹੈ ਅਤੇ ਉਹ ਅਕਾਲੀਆਂ ਨਾਲ ਮਿਲ ਕੇ ਕਾਂਗਰਸ ਨੂੰ ਖ਼ਤਮ ਕਰਨ ਦੀ ਸਾਜਿਸ਼ ਕਰ ਰਿਹਾ ਹੈ। ਬਾਜਵਾ ਨੇ ਇਹ ਵੀ ਕਿਹਾ ਕਿ, "ਹੁਣ ਹੋਰ ਇੰਤੇਜ਼ਾਰ ਨਹੀਂ ਹੋ ਸਕਦਾ, ਅਸੀਂ ਹਾਈਕਮਾਨ ਕੋਲੋਂ ਸਮਾਂ ਮੰਗਿਆ ਹੈ, ਇਨ੍ਹਾਂ ਮੁੱਦਿਆਂ ਨੂੰ ਹਾਈਕਮਾਨ ਕੋਲ ਲਿਜਾਇਆ ਜਾਵੇਗਾ। ਜੇਕਰ ਹਾਈਕਮਾਨ ਇੰਤੇਜ਼ਾਰ ਕਰੇਗੀ ਤਾਂ ਉਹ ਕਾਂਗਰਸ ਦੀ ਕਬਰ ਆਪ ਪੁੱਟੇਗੀ।"
Captain Amarinder Singh
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਾਈਕਮਾਨ ਨੂੰ ਮਿਲਣ ਲਈ ਪੰਜ ਮੈਂਬਰ ਅੱਜ ਹੀ ਦਿੱਲੀ ਰਵਾਨਾ ਹੋ ਰਹੇ ਹਨ। ਇਸ ਮੀਟਿੰਗ ਵਿਚ ਕੈਪਟਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕੀਤੇ ਗਏ ਹਨ।