
‘’ਗੰਨਾ ਕਾਸ਼ਤਕਾਰਾਂ ਲਈ ਸੂਬੇ ਵੱਲੋਂ ਸੁਝਾਇਆ ਜਾਂਦਾ ਭਾਅ (SAP) 2018 ਤੋਂ ਨਹੀਂ ਵਧਿਆ ਜਦਕਿ ਲਾਗਤ 30 % ਤੱਕ ਵਧ ਗਈ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਗੰਨਾ ਕਿਸਾਨਾਂ ਹੱਕ ਵਿਚ ਟਵੀਟ ਕੀਤਾ ਹੈ। ਉਹਨਾਂ ਨੇ ਅਪਣੇ ਟਵੀਟ ਵਿਚ ਲਿਖਿਆ ‘’ਗੰਨਾ ਕਾਸ਼ਤਕਾਰਾਂ ਲਈ ਸੂਬੇ ਵੱਲੋਂ ਸੁਝਾਇਆ ਜਾਂਦਾ ਭਾਅ (SAP) 2018 ਤੋਂ ਨਹੀਂ ਵਧਿਆ ਜਦਕਿ ਲਾਗਤ 30 % ਤੱਕ ਵਧ ਗਈ ਹੈ। 'ਪੰਜਾਬ ਮਾਡਲ' ਦਾ ਮਤਲਬ ਵਾਜਿਬ ਕੀਮਤਾਂ, ਮੁਨਾਫ਼ੇ ਦੀ ਬਰਾਬਰ ਵੰਡ, ਫ਼ਸਲੀ ਵਿਭਿੰਨਤਾ, ਉਤਪਾਦਨ ਅਤੇ ਉਤਪਾਦਨ ਪ੍ਰਕਿਰਿਆ ਲਈ ਲਾਹੇਵੰਦ ਨੀਤੀਆਂ ਬਣਾ ਕੇ ਕਾਸ਼ਤਕਾਰਾਂ ਅਤੇ ਮਿੱਲਾਂ ਨੂੰ ਹੋਰ ਮੁਨਾਫ਼ਾ ਪਹੁੰਚਾਉਣ ਦਾ ਪ੍ਰਬੰਧ ਕਰਨਾ ਹੈ’’
ਨਵਜੋਤ ਸਿੱਧੂ ਨੇ ਕੱਲ੍ਹ ਟਵੀਟ ਕਰ ਕੇ ਕਿਹਾ ਸੀ ਕਿ 'ਗੰਨਾ ਕਿਸਾਨਾਂ ਦੇ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਲੋੜ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿਚ ਖੇਤੀ ਦੀ ਵਧੇਰੇ ਲਾਗਤ ਦੇ ਬਾਵਜੂਦ, ਹਰਿਆਣਾ / ਉੱਤਰ ਪ੍ਰਦੇਸ਼ / ਉੱਤਰਾਖੰਡ ਦੇ ਮੁਕਾਬਲੇ ਸੂਬੇ ਦੀ ਭਰੋਸੇਯੋਗ ਕੀਮਤ ਬਹੁਤ ਘੱਟ ਹੈ। ਖੇਤੀਬਾੜੀ ਦੇ ਮਸ਼ਾਲਦਾਰ ਵਜੋਂ, ਪੰਜਾਬ ਐਸਏਪੀ ਬਿਹਤਰ ਹੋਣਾ ਚਾਹੀਦਾ ਹੈ!'
ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦੁਪਹਿਰ 3 ਵਜੇ ਗੰਨੇ ਦੀ ਕੀਮਤ ਦੇ ਸੰਬੰਧ ਵਿਚ ਕਿਸਾਨਾਂ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿਚ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ ਤੇ ਅੱਜ ਕਿਸਾਨਾਂ ਦੇ ਮਸਲੇ ਦਾ ਹੱਲ ਨਿਕਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਜਲੰਧਰ ਵਿਚ ਕਿਸਾਨ ਆਗੂਆਂ ਨੇ ਖੇਤੀ ਮਾਹਿਰਾਂ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਖੇਤੀ ਮਾਹਿਰਾਂ ਨੇ ਆਪਣਾ ਅਤੇ ਕਿਸਾਨਾਂ ਦਾ ਪੱਖ ਪੇਸ਼ ਕੀਤਾ।
ਇਹ ਵੀ ਪੜ੍ਹੋ - ਸਿੱਧੂ ਦਾ ਟਵੀਟ, ''ਗੰਨਾ ਕਿਸਾਨਾਂ ਦੇ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਲੋੜ''
Sugarcane Farmers Protest
ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਖੇਤੀ ਮਾਹਿਰਾਂ ਨੂੰ ਦੱਸਿਆ ਕਿ ਕਿਸਾਨਾਂ ਅਨੁਸਾਰ ਗੰਨੇ ਦੀ ਪੈਦਾਵਾਰ ਦੀ ਲਾਗਤ 470 ਰੁਪਏ ਪ੍ਰਤੀ ਕੁਇੰਟਲ ਆਉਂਦੀ ਹੈ। ਇਸ ਦੇ ਨਾਲ ਹੀ ਖੇਤੀ ਮਾਹਿਰਾਂ ਨੇ ਇਸ ਦੀ ਕੀਮਤ 345 ਤੋਂ 350 ਰੁਪਏ ਪ੍ਰਤੀ ਕੁਇੰਟਲ ਦੱਸੀ ਹੈ। ਰਾਏ ਨੇ ਕਿਹਾ ਕਿ ਕਿਸਾਨਾਂ ਦੁਆਰਾ ਲਾਗਤ ਮੁੱਲ ਨੂੰ ਖੇਤੀ ਮਾਹਿਰਾਂ ਦੁਆਰਾ ਚੁਣੌਤੀ ਨਹੀਂ ਦਿੱਤੀ ਗਈ ਸੀ।