22 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ
ਚੰਡੀਗੜ੍ਹ - ਪੰਜਾਬ ਵਿਚ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਨਾਲ-ਨਾਲ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਸ਼ਿਕੰਜੇ ਵਿਚ ਫਸੇ ਭੁਪਿੰਦਰ ਸਿੰਘ ਹਨੀ ਅਤੇ ਕੁਦਰਤਦੀਪ ਖ਼ਿਲਾਫ਼ ਅਦਾਲਤ ਵਿਚ ਗਵਾਹਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਈਡੀ ਦੇ ਦੋ ਸਹਾਇਕ ਨਿਰਦੇਸ਼ਕਾਂ ਨੇ ਹਨੀ ਅਤੇ ਕੁਦਰਤਦੀਪ ਸਿੰਘ ਖ਼ਿਲਾਫ਼ ਆਪਣੇ ਬਿਆਨ ਦਰਜ ਕਰਵਾਏ ਹਨ। ਹੁਣ ਬਿਆਨਾਂ 'ਤੇ ਬਹਿਸ ਤੋਂ ਬਾਅਦ ਗਵਾਹੀ ਪੂਰੀ ਹੋਵੇਗੀ।
ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ 22 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਦੱਸ ਦਈਏ ਕਿ ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਈਡੀ ਨੇ ਅਦਾਲਤ ਵਿਚ ਆਪਣਾ ਚਲਾਨ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਜੇਲ੍ਹ ਵਿਚ ਬੰਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਸਾਥੀ ਕੁਦਰਤਦੀਪ ਸਿੰਘ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਦੋਵੇਂ ਹੁਣ ਜੇਲ੍ਹ ਤੋਂ ਬਾਹਰ ਹਨ।
ਚਾਰਜਸ਼ੀਟ ਵਿਚ ਈਡੀ ਨੇ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ ਦੀਆਂ ਧਾਰਾਵਾਂ 3 (ਮਨੀ ਲਾਂਡਰਿੰਗ ਦਾ ਜੁਰਮ), 4 (ਮਨੀ ਲਾਂਡਰਿੰਗ ਲਈ ਸਜ਼ਾ), 44 (ਵਿਸ਼ੇਸ਼ ਅਦਾਲਤਾਂ ਦੁਆਰਾ ਮੁਕੱਦਮੇ ਯੋਗ ਅਪਰਾਧ) ਅਤੇ 45 (ਜਾਣਨਯੋਗ ਅਤੇ ਗੈਰ-ਜ਼ਮਾਨਤੀ ਅਪਰਾਧ) ਦਾ ਦੋਸ਼ ਲਗਾਇਆ ਹੈ। ਇਸ ਵਿਚ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ਼ ਹਨੀ ਅਤੇ ਉਸ ਦੇ ਸਾਥੀ ਕੁਦਰਤਦੀਪ ਸਿੰਘ ਦਾ ਨਾਂ ਸ਼ਾਮਲ ਹੈ।
ਜਦੋਂ ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਘਰ ਛਾਪਾ ਮਾਰਿਆ ਤਾਂ ਭੁਪਿੰਦਰ ਸਿੰਘ ਹਨੀ ਦੇ ਘਰੋਂ 7.9 ਕਰੋੜ ਰੁਪਏ ਬਰਾਮਦ ਹੋਏ, ਜਦੋਂ ਕਿ ਪ੍ਰੋਵਾਈਡਰ ਓਵਰਸੀਜ਼ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਜਿਸ ਦੇ ਜ਼ਰੀਏ ਇਹ ਧਨ ਸ਼ੋਧਨ ਕਰਦੇ ਸੀ, ਉਸ ਦੇ ਡਾਇਰੈਕਟਰ ਕੁਦਰਤਦੀਪ ਸਿੰਘ ਦੇ ਘਰੋਂ 2 ਕਰੋੜ ਰੁਪਏ ਬਰਾਮਦ ਕੀਤੇ ਸਨ।
ਈਡੀ ਨੇ ਦੱਸਿਆ ਹੈ ਕਿ ਭੁਪਿੰਦਰ ਸਿੰਘ ਹਨੀ, ਕੁਦਰਤਦੀਪ ਸਿੰਘ ਅਤੇ ਸੰਦੀਪ ਕੁਮਾਰ ਨੇ ਸਾਲ 2018 ਵਿਚ ਪ੍ਰੋਵਾਈਡਰ ਓਵਰਸੀਜ਼ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਬਣਾਈ ਸੀ, ਜਿਸ ਵਿਚ ਉਹ ਸਾਰੇ ਡਾਇਰੈਕਟਰ ਸਨ। ਇਸੇ ਸਾਲ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਕੁਦਰਤਦੀਪ ਸਿੰਘ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕੀਤਾ ਸੀ।
ਇਸ ਤੋਂ ਬਾਅਦ ਈਡੀ ਨੇ ਸ਼ਹੀਦ ਭਗਤ ਸਿੰਘ ਨਗਰ ਥਾਣੇ ਵਿਚ ਧਾਰਾ 379, 420, 465, 467, 468 ਅਤੇ 471 ਤੋਂ ਇਲਾਵਾ ਖਾਣਾਂ ਅਤੇ ਖਣਿਜ (ਵਿਕਾਸ ਦਾ ਨਿਯਮ) ਐਕਟ ਦੀ ਧਾਰਾ 21 (1) ਅਤੇ 4 (1) ਦੇ ਤਹਿਤ ਐਫਆਈਆਰ ਦਰਜ ਕੀਤੀ। 1957 ਤਹਿਤ ਦਰਜ ਕੇਸ ਵਿਚ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪ੍ਰੋਵਾਈਡਰ ਓਵਰਸੀਜ਼ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਦੇ ਮਾਲਕ ਕੁਦਰਤਦੀਪ ਸਿੰਘ ਦੇ ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਦੇ 10 ਤੋਂ ਵੱਧ ਟਿਕਾਣਿਆਂ 'ਤੇ ਇਸ ਦੇ ਹੋਰ ਡਾਇਰੈਕਟਰਾਂ ਅਤੇ ਸ਼ੇਅਰਧਾਰਕਾਂ ਦੇ ਨਾਲ ਛਾਪੇਮਾਰੀ ਕੀਤੀ। ਛਾਪੇਮਾਰੀ ਦਾ ਕੰਮ ਪੂਰਾ ਕਰਨ ਤੋਂ ਬਾਅਦ, 3 ਫਰਵਰੀ 2022 ਨੂੰ, ਹਨੀ ਨੂੰ ਪੁੱਛਗਿੱਛ ਲਈ ਪਹਿਲਾਂ ਜਲੰਧਰ ਸਥਿਤ ਈਡੀ ਦੇ ਦਫ਼ਤਰ ਬੁਲਾਇਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਸਵਾਲਾਂ ਦੇ ਸਹੀ ਜਵਾਬ ਨਾ ਦੇਣ ਕਾਰਨ 4 ਫਰਵਰੀ ਨੂੰ ਉਸ ਦੀ ਗ੍ਰਿਫਤਾਰੀ ਦਿਖਾਈ ਗਈ ਸੀ। ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਈਡੀ ਨੂੰ ਦੋ ਵਾਰ ਹਨੀ ਦਾ ਰਿਮਾਂਡ ਦਿੱਤਾ ਸੀ। ਰਿਮਾਂਡ ਖ਼ਤਮ ਹੋਣ ਤੋਂ ਬਾਅਦ ਹਨੀ ਨੇ ਲਗਾਤਾਰ ਆਪਣੇ ਵਕੀਲਾਂ ਰਾਹੀਂ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਪਰ ਹੇਠਲੀ ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਹਨੀ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ।