
ਹਰਸਿਮਰਤ ਬਾਦਲ ਨੇ ਕਿਸਾਨ ਰੋਹ ਦੇ ਡਰੋਂ ਅਸਤੀਫ਼ਾ ਦਿਤਾ : ਢੀਂਡਸਾ
'ਪੰਜ ਵਾਰ ਕਿਸਾਨਾਂ ਦੇ ਨਾਮ ਤੇ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਵੀ ਇਸ ਕਾਲੇ ਕਾਨੂੰਨ ਨੂੰ ਚੰਗਾ ਦਸਦੇ ਰਹੇ'
ਚੰਡੀਗੜ੍ਹ, 23 ਸਤੰਬਰ (ਨੀਲ ਭਲਿੰਦਰ ਸਿੰਘ): ਕਿਸਾਨ ਆਰਡੀਨੈੱਸ ਦੇ ਲੋਕ ਸਭਾ 'ਚ ਪੇਸ਼ ਹੋਣ ਤੋਂ ਦੋ ਦਿਨ ਪਹਿਲਾਂ ਜਦੋਂ ਕਿਸਾਨ ਕਾਲੇ ਕਾਨੂੰਨ ਵਿਰੁਧ ਸੜਕਾਂ ਤੇ ਉਤਰੇ ਤਾਂ ਹਰਸਿਮਰਤ ਕੌਰ ਬਾਦਲ ਤੋਂ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਰੋਹ ਦੇ ਡਰੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਵਾ ਦਿਤਾ, ਪਰ ਅਸੀਂ ਤਾਂ ਇਸ ਕਾਲੇ ਕਾਨੂੰਨ ਵਿਰੁਧ ਪਹਿਲਾਂ ਹੀ ਆਵਾਜ਼ ਉਠਾ ਦਿਤੀ ਸੀ। ਇਹ ਟਿਪਣੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ 25 ਸਤੰਬਰ ਨੂੰ ਪੰਜਾਬ ਬੰਦ ਦੇ ਸਬੰਧ ਵਿਚ ਪਾਰਟੀ ਆਗੂਆਂ ਦੀ ਰੱਖੀ ਗਈ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤੀ ।
ਸ. ਢੀਂਡਸਾ ਨੇ ਇਸ ਸਮੇਂ ਇਹ ਵੀ ਕਿਹਾ ਕਿ ਲੋਕ ਸੱਭ ਜਾਣਦੇ ਹਨ ਕਿ ਬਾਦਲ ਪ੍ਰਵਾਰ ਵਲੋਂ ਲਗਾਤਾਰ ਕਿਸਾਨ ਆਰਡੀਨੈਂਸ ਦੀ ਸਲਾਹੁਤਾ ਕੀਤੀ ਗਈ, ਪਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਬਿਆਨ ਦਿਤਾ ਕਿ ਉਸ ਨੇ ਆਰਡੀਨੈਂਸ ਨੂੰ ਸਮਝਾਉਣ ਲਈ ਕਿਸਾਨਾਂ ਨੂੰ ਬੜੀ ਕੋਸ਼ਿਸ਼ ਕੀਤੀ, ਪਰ ਉਹ ਸਮਝ ਨਹੀਂ ਸਕੇ। ਇਸ ਸਮੇਂ ਸ. ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਸਮੇਂ ਵੱਡਾ ਦੁੱਖ ਲੱਗਾ ਜਦੋਂ 5 ਵਾਰ ਕਿਸਾਨਾਂ ਦੇ ਨਾਮ 'ਤੇ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਵੀ ਇਸ ਕਾਲੇ ਕਾਨੂੰਨ ਨੂੰ ਚੰਗਾ ਦਸਦੇ ਰਹੇ। ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸਰਦਾਰ ਢੀਂਡਸਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸਾਨ ਮਾਰੂ ਨੀਤੀਆਂ ਦੇ ਰਾਹ ਤੁਰੀ ਭਾਜਪਾ ਨਾਲ ਕਦੇ ਵੀ ਸਮਝੌਤਾ ਨਹੀਂ ਕਰਨਗੇ । ਇਸ ਸਮੇਂ ਉਨ੍ਹਾਂ ਕਿਹਾ ਕਿ ਉਹ ਕਿਸਾਨ ਦਾ ਪੁੱਤਰ ਹੈ, ਪਰ ਪੂੰਜੀਵਾਦੀ ਲੋਕਾਂ ਨੂੰ ਕਿਸਾਨ ਦੇ ਦਰਦ ਦਾ ਕੀ ਪਤਾ, ਉਹ ਤਾਂ ਸਿਰਫ਼ ਸੌਦੇ ਕਰਨੇ ਹੀ ਜਾਣਦੇ ਹਨ।
ਸ. ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਅੱਜ ਇਕ ਵਿਸ਼ੇਸ਼ ਮੀਟਿੰਗ ਕਰ ਕੇ 25 ਸਤੰਬਰ ਨੂੰ ਕਿਸਾਨ ਆਗੂਆਂ ਦੀ ਅਗਵਾਈ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ ਅਤੇ ਅਸੀ ਵਖਰੇ ਤੌਰ 'ਤੇ ਬਾਦਲਾਂ ਵਾਂਗ ਸਿਆਸੀ ਰੋਟੀਆਂ ਨਹੀਂ ਸਕਾਂਗੇ। ਸ. ਢੀਂਡਸਾ ਨੇ ਬਾਦਲ ਦਲ ਵਲੋਂ ਪੰਜਾਬ ਦੇ 3 ਤਖ਼ਤਾਂ ਤੋਂ ਰੋਸ ਮਾਰਚ ਕੱਢਣ ਦੇ ਕੀਤੇ ਗਏ ਫ਼ੈਸਲੇ ਤੇ ਵਿਅੰਗ ਕਸਦਿਆਂ ਕਿਹਾ ਕਿ ਲੋਕ ਮੂਰਖ ਨਹੀਂ ਸਗੋਂ ਸੱਭ ਜਾਣਦੇ ਹਨ ਕਿ ਇਹ ਅਪਣਾ ਡਿੱਗਿਆ ਮਿਆਰ ਚੁੱਕਣ ਲਈ ਗੁਰਦੁਆਰਿਆਂ ਦਾ ਸਹਾਰਾ ਲੈਣ ਲੱਗੇ ਹਨ । ਉਨ੍ਹਾਂ ਕਿਹਾ ਕਿ ਭਾਵੇਂ ਇਹ ਲੋਕ ਭਾਜਪਾ ਤੋਂ ਹਮਾਇਤ ਵਾਪਸ ਲੈ ਲੈਣ, ਹੁਣ ਦੁੱਧ ਧੋਤੇ ਨਹੀਂ ਬਣਨਗੇ ।
image