
ਬਾਜਵਾ ਨੂੰ ‘ਭਰਾ’ ਕਹਿਣ ’ਤੇ ਬਲੂਨੀ ਅਤੇ ਰਾਵਤ ’ਚ ਛਿੜੀ ਜ਼ੁਬਾਨੀ ਜੰਗ
ਦੇਹਰਾਦੂਨ, 23 ਸਤੰਬਰ : ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਹਰੀਸ ਰਾਵਤ ਵਲੋਂ ਹਾਲ ਹੀ ’ਚ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ‘ਭਰਾ’ ਕਹਿ ਜਾਣ ’ਤੇ ਭਾਜਪਾ ਦੇ ਸੰਸਦ ਮੈਂਬਰ ਅਨਿਲ ਬਲੂਨੀ ਨੇ ਸਖ਼ਤ ਇਤਰਾਜ ਪ੍ਰਗਟ ਕੀਤਾ ਹੈ ਅਤੇ ਇਸ ਨਾਲ ਦੋਹਾਂ ਨੇਤਾਵਾਂ ਦਰਮਿਆਨ ਜੁਬਾਨੀ ਜੰਗ ਸ਼ੁਰੂ ਹੋ ਗਈ ਹੈ।
ਉਤਰਾਖੰਡ ਤੋਂ ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਮੀਡੀਆ ਮੁਖੀ ਅਨਿਲ ਬਲੂਨੀ ਨੇ ਇਕ ਵੀਡੀਉ ਜਾਰੀ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਇਕ ਅਜਿਹੇ ਵਿਅਕਤੀ ਨੂੰ ਭਰਾ ਕਿਹਾ ਜਾ ਰਿਹਾ ਹੈ ਜਿਸ ਦੇ ਹੱਥ ਭਾਰਤੀਆਂ ਅਤੇ ਉਤਰਾਖੰਡ ਦੇ ਬਹਾਦਰ ਸੈਨਿਕਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਰਾਵਤ ਨੂੰ ਕਿਹਾ, “ਤੁਸੀਂ ਦੇਵਭੂਮੀ ਦੇ ਵਾਸੀ ਹੋ। ਇਥੇ ਹਰ ਘਰ ਵਿਚੋਂ ਕੋਈ ਨਾ ਕੋਈ ਫ਼ੌਜ ਵਿਚ ਹੈ। ਅਜਿਹੇ ਬਿਆਨ ਦੇ ਕੇ ਤੁਸੀਂ ਤਸੱਲੀ ਦੀ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹੋ, ਕਿਸ ਤਰ੍ਹਾਂ ਦੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹੋ।” ਭਾਜਪਾ ਸੰਸਦ ਮੈਂਬਰ ਨੇ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾਂ ਕਰਨ ਲਈ ਰਾਵਤ ਦੀ ਆਲੋਚਨਾ ਵੀ ਕੀਤੀ। ਉਨ੍ਹਾਂ ਕਿਹਾ, “ਤੁਸੀਂ ਸਿੱਧੂ ਦੇ ਬਿਆਨਾਂ ਨੂੰ ਜਾਇਜ਼ ਠਹਿਰਾ ਰਹੇ ਹੋ ਜਦੋਂ ਕਿ ਤੁਹਾਡੀ ਅਪਣੀ ਹੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਨਾਕ ਦੱਸ ਰਹੇ ਹਨ।’’ ਅਗਲੇ ਸਾਲ ਦੇ ਸ਼ੁਰੂ ਵਿਚ ਉਤਰਾਖੰਡ ’ਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤੇ ਗਏ ਰਾਵਤ ਨੇ ਹਾਲ ਹੀ ਵਿਚ ਕੀਤੇ ਇਕ ਟਵੀਟ ਵਿਚ ਬਾਜਵਾ ਨੂੰ ‘ਭਰਾ’ ਕਹਿੰਦੇ ਹੋਏ ਇਸਲਾਮਾਬਾਦ ਵਿਚ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਸਿੱਧੂ ਦੇ ਉਸ ਨੂੰ ਗਲੇ ਲਗਾਉਣ ਨੂੰ ਉਚਿਤ ਠਹਿਰਾਇਆ ਸੀ ਅਤੇ ਕਿਹਾ ਸੀ ਕਿ ਇਕ ਪੰਜਾਬੀ ਦਾ ਦੂਜੇ ਪੰਜਾਬੀ ‘ਭਰਾ’ ਨੂੰ ਗਲੇ ਲਗਾਉਣਾ ਕਿਵੇਂ ਦੇਸ਼ਧ੍ਰੋਹ ਹੋ ਸਕਦਾ ਹੈ। (ਏਜੰਸੀ)