
ਪੰਜਾਬ ’ਚ ਚੋਣਾ ਤੋਂ ਠੀਕ ਪਹਿਲਾ ਕਿਉਂ ਸਿਰ ਚੁੱਕ ਲੈਂਦੇ ਨੇ ਦੇਸ਼ ਵਿਰੋਧੀ ਤੱਤ? ‘ਆਪ’ ਦਾ ਰਾਜਸੀ ਦਲਾਂ ਤੇ ਸੁਰੱਖਿਆ ਏਜੰਸੀਆਂ ਨੂੰ ਸਵਾਲ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਨੂੰ ਪ੍ਰਮੁੱਖ ਦੱਸਦਿਆਂ ਕਿਹਾ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਪਰ ਸੂਬੇ ਦੇ ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਦੀ ਸਮੀਖਿਆ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਪੁਲੀਸ ਦੇ ਜ਼ਿਆਦਾਤਰ ਮੁਲਾਜ਼ਮ ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ।
Aman Arora
ਥਾਣਿਆਂ ਵਿੱਚ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਆਮ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਅਰੋੜਾ ਨੇ ਮੁੱਖ ਮੰਤਰੀ ਵੱਲੋਂ ਆਪਣੇ ਸੁਰੱਖਿਆ ਅਮਲੇ ਨੂੰ ਘੱਟ ਕਰਨ ਬਾਰੇ ਦਿੱਤੇ ਬਿਆਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਐਲਾਨ ਕੇਵਲ ਮੁੱਖ ਮੰਤਰੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਤੁਰੰਤ ਪ੍ਰਭਾਵ ਨਾਲ ਹੋਈ ਕਾਰਵਾਈ ਦਿਖਣੀ ਵੀ ਚਾਹੀਦੀ ਹੈ।
CM Charanjit Singh Channi
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਸਰਕਾਰ ਤੋਂ ਸਵਾਲ ਪੁੱਛਿਆ ਕਿ ਚੋਣਾ ਦੇ ਸਮੇਂ ਹੀ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਕਿਉਂ ਪੈਦਾ ਹੋ ਜਾਂਦਾ? ਉਨ੍ਹਾਂ ਕਿਹਾ ਕਿ ਜੇ ਆਮ ਲੋਕਾਂ ਦੀ ਸੁਰੱਖਿਆ ਨੂੰ ਕਿਤੇ ਵੀ ਰਾਸ਼ਟਰ ਵਿਰੋਧੀ ਅਸਮਾਜਿਕ ਤੱਤਾਂ ਤੋਂ ਖ਼ਤਰਾ ਹੈ ਤਾਂ ਫਿਰ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਕੀ ਕਰ ਰਹੀਆਂ ਹਨ? ਅਰੋੜਾ ਨੇ ਚੋਣਾ ਤੋਂ ਠੀਕ ਪਹਿਲਾ ਸੀਮਾ ਪਾਰ ਦੇਸ਼ ਵਿਰੋਧੀ ਤੱਤਾਂ ਦੇ ਸਰਗਰਮ ਹੋਣ ਦੀਆਂ ਆ ਰਹੀਆਂ ਖ਼ਬਰਾਂ ’ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਜੇ ਅਜਿਹਾ ਹੋ ਰਿਹਾ ਹੈ ਤਾਂ ਇਸ ਲਈ ਜ਼ਿੰਮੇਵਾਰ ਕੇਵਲ ਸੂਬਾ ਅਤੇ ਕੇਂਦਰ ਸਰਕਾਰਾਂ ਦੀਆਂ ਖੁਫ਼ੀਆ ਏਜੰਸੀਆਂ ਹਨ।
Aman Arora
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ‘ਆਪ’ ਦੇਸ਼ ਦੀ ਅੰਦੂਰਨੀ ਅਤੇ ਬਾਹਰੀ ਸੁਰੱਖਿਆ ਨਾਲ ਛੇੜਛਾੜ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਦਲੀਲ ਦਿੱਤੀ, ‘‘ਜਦ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਈ ਖ਼ਤਰਾ ਮਹਿਸੂਸ ਨਹੀਂ ਕਰ ਰਹੇ ਤਾਂ ਅੱਤਵਾਦ ਕਿਉਂ ਅਤੇ ਕੌਣ ਪੈਦਾ ਕਰ ਰਿਹਾ? ਰੋਜ਼ ਰੋਜ਼ ਟਿਫਿਨ ਬੰਬ ਕਿਥੋਂ ਆ ਰਹੇ ਹਨ? ਕੀ ਕਾਂਗਰਸ, ਭਾਜਪਾ ਅਤੇ ਬਾਦਲ ਦਲ ਆਪਣੀ ਰਾਜਨੀਤਿਕ ਆਦਤ ਅਨੁਸਾਰ ਚੋਣਾ ਤੋਂ ਪਹਿਲਾਂ ਇੱਕ ਵਿਸ਼ੇਸ਼ ਵਰਗ ਨੂੰ ਡਰਾਉਣ- ਧਮਕਾਉਣ ਲਈ ਡਰ ਦਾ ਮਹੌਲ ਬਣਾ ਰਹੇ ਹਨ?’’
Punjab Chief Minister Charanjit Singh Channi
ਅਮਨ ਅਰੋੜਾ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਵੀ ਉਕਤ ਰਾਜਨੀਤਿਕ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਅਜਿਹੇ ਪੈਂਤਰੇ ਦੀ ਵਰਤੋਂ ਕੀਤੀ ਸੀ। ਮੌੜ ਬੰਬ ਧਮਾਕੇ ਦਾ ਮਾਮਲਾ ਇਸ ਦੀ ਸਾਫ਼- ਸਪੱਸ਼ਟ ਉਦਾਰਹਨ ਹੈ। ਜੇ ਇਸ ਮਾਮਲੇ ਵਿੱਚ ਕੋਈ ਸਚਾਈ ਹੈ ਤਾਂ ਪੰਜਾਬ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਮੌੜ ਬੰਬ ਧਮਾਕੇ ਦੀ ਹੁਣ ਤੱਕ ਜਾਂਚ ਕਿਹੜੇ ਕਾਰਨਾਂ ਕਰਕੇ ਪੂਰੀ ਨਹੀਂ ਕੀਤੀ ਗਈ? ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਸਾਜਿਸ਼ਕਾਰੀਆਂ ਦੀ ਜਾਣਕਾਰੀ ਨੂੰ ਕਿਉਂ ਛੁਪਾ ਕੇ ਰੱਖਿਆ ਗਿਆ ਹੈ ? ‘ਆਪ’ ਨੇ ਚੰਨੀ ਤੋਂ ਮੌੜ ਬੰਬ ਧਮਾਕੇ ਦੀ ਜਾਂਚ ਦੀ ਤਾਜ਼ਾ ਸਥਿਤੀ ਲੋਕਾਂ ਅੱਗੇ ਰੱਖਣ ਦੀ ਮੰਗ ਵੀ ਕੀਤੀ।
Aman arora
ਵਿਧਾਇਕ ਅਰੋੜਾ ਨੇ ਸਵਾਲ ਕੀਤਾ ਕਿ ਸੂਬੇ ਵਿੱਚ ਹੁਣ ਕਥਿਤ ਸੁਪਰ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਚੰਨੀ ਸਰਕਾਰ ਹੈ, ਤਾਂ ਫਿਰ ਪੰਜਾਬ ਨੂੰ ਇਸ ਡਰ ਤੋਂ ਮੁੱਕਤ ਕਿਉਂ ਨਹੀਂ ਕੀਤਾ ਜਾ ਰਿਹਾ? ਇਹ ਸਵਾਲ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦੋਵੇਂ ਉਪ ਮੁੱਖ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਲਈ ਵੀ ਹੈ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਹੀ ਮੌੜ ਬੰਬ ਧਮਾਕੇ ਦੀ ਸਚਾਈ ਲੋਕਾਂ ਸਾਹਮਣੇ ਰੱਖੀ ਜਾਵੇਗੀ ਅਤੇ ਦੋਸ਼ੀਆਂ ਦੇ ਨਾਲ- ਨਾਲ ਸਾਜਿਸ਼ਕਾਰੀਆਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ।
Navjot Singh Sidhu