
‘ਰੋਜ਼ਾਨਾ ਸਪੋਕਸਮੈਨ’ ਅਤੇ ਸ. ਜੋਗਿੰਦਰ ਸਿੰਘ ਦਾ ਦੇਣਾ ਮੈਂ ਸਾਰੀ ਉਮਰ ਨਹੀਂ ਦੇ ਸਕਦਾ : ਰਾਜਬੀਰ ਸਿੰਘ
ਫ਼ਰੀਦਕੋਟ, 23 ਸਤੰਬਰ (ਗੁਰਿੰਦਰ ਸਿੰਘ) : ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਗੁਰਦਵਾਰਾ ਗੋਦੜੀ ਸਾਹਿਬ ਬਾਬਾ ਫ਼ਰੀਦ ਜੀ ਦੀ ਵੱਡੀ ਸਟੇਜ ਤੋਂ ਰਾਜਬੀਰ ਸਿੰਘ ਰਿਕਸ਼ੇਵਾਲਾ ਨੇ ਅਪਣੇ ਸੰਬੋਧਨ ਦੌਰਾਨ ਮੰਨਿਆ ਕਿ ਉਸ ਨੂੰ ਮਿਲਣ ਵਾਲਾ ਭਗਤ ਪੂਰਨ ਸਿੰਘ ਐਵਾਰਡ ਰੋਜ਼ਾਨਾ ਸਪੋਕਸਮੈਨ ਅਤੇ ਸ. ਜੋਗਿੰਦਰ ਸਿੰਘ ਜੀ ਦੀ ਦੇਣ ਹੈ, ਕਿਉਂਕਿ ਇਕ ਕਿਰਤੀ ਨੂੰ ਲੇਖਕ ਬਣਾਉਣ ਦਾ ਸਿਹਰਾ ਵੀ ਸਪੋਕਸਮੈਨ ਪ੍ਰਵਾਰ ਨੂੰ ਜਾਂਦਾ ਹੈ।
ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫ਼ਰੀਦ ਜੀ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਸੇਖੋਂ ਮੁਤਾਬਕ ਭਾਵੇਂ ਇਸ ਸਾਲ ਕੋਵਿਡ ਕਾਰਨ ਪ੍ਰਸ਼ਾਸਨ ਨੇ ਨਗਰ ਕੀਰਤਨ ਦੀ ਆਗਿਆ ਨਹੀਂ ਦਿਤੀ ਪਰ ਫਿਰ ਵੀ ਸ਼ਰਧਾਲੂ ਹੁੰਮ-ਹੁਮਾ ਕੇ ਬਾਬਾ ਫ਼ਰੀਦ ਜੀ ਦੇ ਦਰਸ਼ਨ ਲਈ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਦਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਬਾਬਾ ਫ਼ਰੀਦ ਜੀ ਦੇ ਦੋ ਐਵਾਰਡ ਬਾਬਾ ਫ਼ਰੀਦ ਐਵਾਰਡ ਫ਼ਾਰ ਹੋਨੈਸਟੀ ਅਤੇ ਭਗਤ ਪੂਰਨ ਸਿੰਘ ਐਵਾਰਡ ਫ਼ਾਰ ਸਰਵਿਸ ਟੂ ਹੁਮੈਨਿਟੀ ਬਹੁਤ ਹੀ ਮਹਾਨ ਸ਼ਖ਼ਸੀਅਤਾਂ ਨੂੰ ਦਿਤੇ ਗਏ। ਜਿਨ੍ਹਾਂ ’ਚੋਂ ਬਾਬਾ ਫ਼ਰੀਦ ਐਵਾਰਡ ਫ਼ਾਰ ਹੋਨੈਸਟੀ ਕੁਮਾਰ ਸੋਰਭ ਰਾਜ ਆਈਏਐਸ ਅਤੇ ਭਗਤ ਪੂਰਨ ਸਿੰਘ ਐਵਾਰਡ ਫ਼ਾਰ ਸਰਵਿਸ ਟੂ ਹੁਮਨਿਟੀ ਰਾਜਬੀਰ ਸਿੰਘ ਰਿਕਸ਼ੇਵਾਲਾ ਨੂੰ ਦਿਤਾ ਗਿਆ ਜਿਸ ’ਚ ਉਨ੍ਹਾਂ ਨੂੰ ਸਿਰੋਪਾਉ, ਦੁਸ਼ਾਲਾ, ਸਾਈਟੇਸ਼ਨ ਅਤੇ ਇਕ-ਇਕ ਲੱਖ ਦੀ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ। ਕੁਮਾਰ ਸੋਰਭ ਰਾਜ ਦੀ ਪਤਨੀ ਨੇ ਅਪਣੀ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਨੂੰ ਉਸੇ ਸਮੇਂ ਹੀ ਗ਼ਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ ਦਾਨ ਕਰ ਦਿਤਾ। ਉਨ੍ਹਾਂ ਪਹਿਲਾਂ ਵੀ ਅਪਣੀਆਂ ਸੇਵਾਵਾਂ ਫ਼ਰੀਦਕੋਟ ’ਚ ਬਤੌਰ ਇਕ ਬਹੁਤ ਹੀ ਇਮਾਨਦਾਰ ਡਿਪਟੀ ਕਮਿਸ਼ਨਰ ਵਜੋਂ ਨਿਭਾਈਆਂ ਹਨ।
ਰਾਜਬੀਰ ਸਿੰਘ ਰਿਕਸ਼ੇਵਾਲੇ ਬਾਰੇ ਵੀ ਉਨ੍ਹਾਂ ਨੇ ਅਪਣੇ ਵਿਚਾਰ ਸਾਂਝੇ ਕੀਤੇ ਕਿ ਉਹ ਇਕ ਬਹੁਤ ਹੀ ਮਹਾਨ ਸ਼ਖ਼ਸੀਅਤ ਹਨ ਜੋ ਅਪਣੀ ਜ਼ਿੰਦਗੀ ਨੂੰ ਭਗਤ ਪੂਰਨ ਸਿੰਘ ਜੀ ਦੇ ਦਿਤੇ ਹੋਏ ਨਿਰਦੇਸ਼ਾਂ ਮੁਤਾਬਕ ਬਤੀਤ ਕਰਦੇ ਹਨ। ਲੋਕ ਉਨ੍ਹਾਂ ਨੂੰ ਮਾਝੇ ਦਾ ਮੋਤੀ ਤੇ ਭਾਈ ਲਾਲੋ ਦੇ ਵਾਰਸ ਕਹਿ ਕੇ ਬੁਲਾਉਂਦੇ ਹਨ। ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਿਤੇ ਹੋਏ ਉਪਦੇਸ਼ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ’ਤੇ ਚਲਦੇ ਹਨ। ਇਸ ਮੌਕੇ ਸ਼ਹਿਰ ਦੇ ਡੀ.ਸੀ. ਵਿਮਲ ਕੁਮਾਰ ਸੇਤੀਆ ਨੇ ਵੀ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸ਼ਿਰਕਤ ਕੀਤੀ। ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਦੀ ਅਗਵਾਈ ਵਿਚ ਰਾਜਬੀਰ ਸਿੰਘ ਦੀ ਚਰਚਿਤ ਪੁਸਤਕ ‘ਰਿਕਸ਼ੇ ’ਤੇ ਚਲਦੀ ਜ਼ਿੰਦਗੀ’ ਸਮੇਤ ਹੋਰ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।