
ਚੰਨੀ ਥੋੜੇ੍ਹ ਸਮੇਂ ਵਿਚ ਜੇਕਰ ਦੋ ਵੱਡੇ ਮਸਲੇ ਹੱਲ ਕਰ ਦੇਣ ਤਾਂ ਠੀਕ ਹੋਵੇਗਾ : ਜਸਟਿਸ ਨਿਰਮਲ ਸਿੰਘ
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਗੁਰਬਚਨ ਸਿੰਘ ਰੁਪਾਲ) : ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਐਮ.ਐਲ.ਏ. ਜਸਟਿਸ ਨਿਰਮਲ ਸਿੰਘ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਐਸ.ਸੀ.ਬੀ.ਸੀ. ਵਰਗ ਵਲੋਂ ਜਿਥੇ ਖ਼ੁਸ਼ੀ ਮਨਾਈ ਜਾ ਰਹੀ ਹੈ, ਉਥੇ ਉਨ੍ਹਾਂ ਤੋਂ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਉਹ ਗ਼ਰੀਬ ਵਰਗ ਨਾਲ ਸਬੰਧਤ ਕੱੁਝ ਖਾਸ ਮਸਲੇ ਹੱਲ ਕਰ ਕੇ ਇਸ ਵਰਗ ਨੂੰ ਇਨਸਾਫ਼ ਦੇਣਗੇ ਤੇ ਇਹ ਮਸਲੇ ਉਨ੍ਹਾਂ ਨੂੰ ਮਿਲੇ ਸਮੇਂ ਵਿਚ ਹੱਲ ਹੋਣ ਵਾਲੇ ਹਨ | ਇਹ ਗੱਲ ਉਨ੍ਹਾਂ ਇਥੇ Tਸਪੋਕਸਮੈਨ'' ਨਾਲ ਨਿਵੇਕਲੀ ਗੱਲਬਾਤ ਦੌਰਾਨ ਆਖੀ |
ਉਨ੍ਹਾਂ ਕਿਹਾ ਕਿ ਬੇਸ਼ੱਕ ਬਰਗਾੜੀ ਗੋਲੀ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬੇਰੁਜ਼ਗਾਰੀ ਅਜਿਹੇ ਮਸਲੇ ਹਨ ਜੋ ਲੰਮੇ ਪ੍ਰੋਸੈਸ ਕਾਰਨ ਹੱਲ ਕਰਨ ਨੂੰ ਸਮਾਂ ਲੱਗ ਸਕਦਾ ਹੈ ਪ੍ਰੰਤੂ ਐਸ.ਸੀ. ਸਕਾਲਰਸ਼ਿਪ ਘਪਲੇ ਕਾਰਨ ਕੇਂਦਰ ਸਰਕਾਰ ਵਲੋਂ ਇਨ੍ਹਾਂ ਵਿਦਿਆਰਥੀਆਂ ਦੇ ਵਜ਼ੀਫ਼ੇ ਜੋ ਲਗਭਗ 2 ਸਾਲ ਤੋਂ ਰੋਕੇ ਹੋਏ ਹਨ, ਬਾਰੇ ਜਾਂਚ ਕਰਵਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਰਗ ਦੀਆਂ ਸ਼ੁਭ ਕਾਮਨਾਵਾਂ ਦੇ ਪਾਤਰ ਬਣ ਸਕਦੇ ਹਨ |
ਉਨ੍ਹਾਂ ਦਸਿਆ ਕਿ ਸਕਾਲਰਸ਼ਿਪ ਘਪਲੇਬਾਜ਼ੀ 2013 ਤੋਂ ਜਾਰੀ ਸੀ ਜਿਸ ਦਾ ਉਨ੍ਹਾਂ ਖ਼ੁਦ 2015 ਵਿਚ ਪਰਦਾਫਾਸ਼ ਕੀਤਾ ਸੀ ਅਤੇ ਬਾਦਲ- ਭਾਜਪਾ ਸਰਕਾਰ ਨੂੰ ਇਸ ਦੀ ਜਾਂਚ ਦਾ ਐਲਾਨ ਕਰਨਾ ਪਿਆ | ਇਸ ਦਾ ਪ੍ਰਭਾਵ ਅਜੇ ਤਕ ਲੋਕਾਂ ਦੇ ਦਿਲਾਂ ਵਿਚ ਕਾਇਮ ਹੈ ਅਤੇ ਘਪਲੇਬਾਜ਼ੀ ਕਾਰਨ ਕੇਂਦਰ ਤੋਂ ਮਿਲਣ ਵਾਲਾ ਵਜ਼ੀਫ਼ਾ ਪਿਛਲੇ 2 ਸਾਲਾਂ ਤੋਂ ਰੁਕਿਆ ਹੋਇਆ ਹੈ | ਜਸਟਿਸ ਹੋਰਾਂ ਕਿਹਾ ਕਿ ਗ਼ਰੀਬ ਵਰਗ ਨੂੰ ਸ. ਚੰਨੀ ਤੋਂ ਉਮੀਦ ਹੈ ਕਿ ਉਹ 2013 ਤੋਂ ਹੁਣ ਤਕ ਵਜ਼ੀਫ਼ਾ ਘਪਲੇਬਾਜ਼ੀ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਨੰਗੇ ਕਰਨਗੇ | ਉਨ੍ਹਾਂ ਕਿਹਾ ਕਿ ਮੁਖ ਮੰਤਰੀ ਨੇ ਖ਼ੁਦ ਮੰਨਿਆ ਹੈ ਕਿ ਗ਼ਰੀਬ ਸਮਾਜ ਸਰਕਾਰ ਤੋਂ ਆਟਾ-ਦਾਲ ਨਹੀਂ ਸਵੈਮਾਣ ਭਰੀ ਜ਼ਿੰਦਗੀ ਤੇ ਰੁਜ਼ਗਾਰ ਚਾਹੁੰਦਾ ਹੈ |
ਉਨ੍ਹਾਂ ਕਿਹਾ ਕਿ ਦੂਸਰਾ ਮਸਲਾ ਐਸ.ਸੀ.ਬੀ.ਸੀ. ਵਰਗ ਦੇ ਸਰਕਾਰੀ ਮੁਲਾਜ਼ਮਾਂ ਦਾ ਜਿਨ੍ਹਾਂ ਨੂੰ ਤਰੱਕੀ ਦੇਣ ਵਿਚ ਮਿਲੇ ਰਾਖਵੇਂਕਰਨ ਦੇ ਅਧਿਕਾਰ ਨੂੰ 2001 ਵਿਚ ਮਨਮੋਹਨ ਸਿੰਘ ਸਰਕਾਰ ਨੇ ਸੰਵਿਧਾਨ ਵਿਚ 85ਵੀਂ ਸੋਧ ਕਰ ਕੇ ਇਸ ਅਧਿਕਾਰ ਨੂੰ ਬਹਾਲ ਕਰ ਦਿਤਾ ਸੀ ਤੇ ਅੱਜ ਵੀ ਇਹ ਫ਼ਾਈਲ ਮੁੱਖ ਮੰਤਰੀ ਦੇ ਦਫ਼ਤਰ ਵਿਚ ਦਸਤਖ਼ਤ ਕਰਨ ਲਈ ਪਈ ਹੈ | ਪ੍ਰੰਤੂ 21 ਸਾਲ ਹੋਣ ਵਾਲੇ ਹਨ ਅਜੇ ਤਕ ਪੰਜਾਬ ਸਰਕਾਰ ਨੇ ਇਸ ਅਧਿਕਾਰ ਨੂੰ ਲਾਗੂ ਨਹੀਂ ਹੋਣ ਦਿਤਾ | ਇਹ ਫ਼ਾਈਲ ਕਢਵਾ ਕੇ ਦਸਤਖ਼ਤ ਕਰਦੇ ਹੋਏ ਮੱੁਖ ਮੰਤਰੀ ਇਸ ਵਰਗ ਨੂੰ ਇਨਸਾਫ਼ ਦੇ ਸਕਦੇ ਹਨ | ਉਨ੍ਹਾਂ ਕਿਹਾ ਉਪਰੋਕਤ ਦੋਵੇਂ ਮਸਲੇ ਥੋੜੇ ਸਮੇਂ ਵਿਚ ਹੱਲ ਵੀ ਹੋ ਸਕਦੇ ਹਨ ਜੇਕਰ ਇਹ ਮਸਲੇ ਹੱਲ ਨਾ ਕੀਤੇ ਗਏ ਤਾਂ ਲੋਕ ਸਮਝਣਗੇ ਕਿ ਕਾਂਗਰਸ ਨੇ ਗਰੀਬ ਸਮਾਜ ਦੇ ਵੋਟ ਹਥਿਆਉਣ ਲਈ ਇਹ ਨਾਟਕ ਰਚਿਆ ਸੀ |ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਥਾਬਲ, ਕੌਮੀ ਆਗੂ ਗੁਰਮੀਤ ਸਿੰਘ ਧਾਲੀਵਾਲ ਅਤੇ ਮਾਸਟਰ ਅਜੀਤ ਸਿੰਘ ਮੱਕੜ ਵੀ ਮੌਜੂਦ ਸਨ |