
ਬਾਦਲਾਂ ਨੂੰ 'ਘਰ' 'ਚ ਘੇਰਨ ਲਈ ਸਿੱਧੂ ਬਣਾਉਣਗੇ ਰਾਜਾ ਵੜਿੰਗ ਨੂੰ ਮੰਤਰੀ!
ਬਠਿੰਡਾ, 23 ਸਤੰਬਰ (ਸੁਖਜਿੰਦਰ ਮਾਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਹਿਤ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੌਮੀ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵਜ਼ਾਰਤ 'ਚ ਸ਼ਾਮਲ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਉਕਤ ਤਿੰਨੇ ਆਗੂ ਤੇ ਖ਼ਾਸਕਰ ਸਿੱਧੂ ਤੇ ਰੰਧਾਵਾ ਮੌਜੂਦਾ ਸਮੇਂ ਪੰਜਾਬ ਕਾਂਗਰਸ ਦੀ ਸਿਆਸਤ 'ਚ ਬਾਦਲਾਂ ਵਿਰੁਧ ਸਕਤੀਸ਼ਾਲੀ ਆਗੂ ਵਜੋਂ ਉਭਰ ਕੇ ਸਾਹਮਣੇ ਆਏ ਹਨ | ਅਜਿਹੇ ਹਾਲਾਤ 'ਚ ਬਾਦਲ ਪ੍ਰਵਾਰ ਨੂੰ ਉਨ੍ਹਾਂ ਦੇ ਗੜ੍ਹ 'ਚ ਘੇਰਨ ਲਈ ਪੰਜਾਬ ਕਾਂਗਰਸ ਤੇ ਸਰਕਾਰ ਵਲੋਂ ਰਾਜਾ ਵੜਿੰਗ ਵਰਗੇ ਨੌਜਵਾਨ ਆਗੂ ਨੂੰ ਥਾਪੜਾ ਦਿਤਾ ਜਾ ਸਕਦਾ ਹੈ, ਜਿਹੜੇ ਮੌਜੂਦਾ ਸਮੇਂ 'ਚ ਦੱਖਣੀ ਮਾਲਵਾ ਵਿਚ ਸੱਭ ਤੋਂ ਵੱਡੇ ਬਾਦਲ ਵਿਰੋਧੀ ਆਗੂ ਵਜੋਂ ਚਰਚਿਤ ਹੋਏ ਹਨ |
ਦਸਣਾ ਬਣਦਾ ਹੈ ਕਿ ਰਾਜਾ ਵੜਿੰਗ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਬਾਦਲ ਪ੍ਰਵਾਰ ਦੀ ਨੂੰ ਹ ਹਰਸਿਮਰਤ ਕੌਰ ਬਾਦਲ ਵਿਰੁਧ ਚੋਣ ਮੈਦਾਨ ਵਿਚ ਨਿੱਤਰੇ ਸਨ, ਜਿਥੇ ਉਨ੍ਹਾਂ ਤਕੜੀ ਟੱਕਰ ਦਿਤੀ ਸੀ ਪ੍ਰੰਤੂ ਉਹ ਕੁੱਝ ਹਜ਼ਾਰ ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ | ਸਿਆਸੀ ਮਾਹਰਾਂ ਮੁਤਾਬਕ ਜੇਕਰ ਰਾਜਾ ਵੜਿੰਗ ਮੰਤਰੀ ਬਣਦੇ ਹਨ ਤਾਂ ਅਪਣੇ ਜੱਦੀ ਜ਼ਿਲ੍ਹੇ ਨੂੰ ਖੁਲ੍ਹਾ ਛੱਡ ਕੇ ਪੂਰੇ ਪੰਜਾਬ 'ਚ ਘੁਮਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਰਣਨੀਤੀ ਬਣਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ |
ਇਸ ਤੋਂ ਇਲਾਵਾ ਵੜਿੰਗ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਜੱਦੀ ਹਲਕੇ ਗਿੱਦੜਬਾਹਾ ਵਿਚੋਂ ਵੀ ਲਗਾਤਾਰ ਦੋ ਵਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ ਤੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚੋਂ ਕਾਂਗਰਸ ਦਾ ਕੋਈ ਨੁਮਾਇੰਦਾ ਪੰਜਾਬ ਸਰਕਾਰ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ | ਹਾਲਾਂਕਿ ਮਲੋਟ ਹਲਕੇ ਤੋਂ ਜਿੱਤੇ ਅਜਾਇਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਜ਼ਰੂਰ ਬਣਾਇਆ ਸੀ
ਪ੍ਰੰਤੂ ਮੌਜੂਦਾ ਸਮੇਂ ਮਲੋਟ ਹਲਕੇ 'ਚ ਭੱਟੀ ਤੇ ਉਨ੍ਹਾਂ ਦੇ ਪੁੱਤਰ ਵਿਰੁਧ ਉਠ ਰਹੀਆਂ ਆਵਾਜ਼ਾਂ ਕਾਰਨ ਮੁੜ ਦਾਅ ਲੱਗਣਾ ਮੁਸ਼ਕਲ ਜਾਪਦਾ ਹੈ ਜਦਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦਾ ਮੁੜ ਮੰਤਰੀ ਬਣਨਾ ਤੈਅ ਹੈ |
ਚਰਚਾ ਮੁਤਾਬਕ ਉਹ ਮੁੜ ਤੋਂ ਖ਼ਜ਼ਾਨਾ ਵਿਭਾਗ ਸੰਭਾਲ ਸਕਦੇ ਹਨ | ਉਨ੍ਹਾਂ ਦੀ ਨਵਜੋਤ ਸਿੱਧੂ ਦੇ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨੇੜਤਾ ਕਿਸੇ ਤੋਂ ਲੁਕੀ ਛਿਪੀ ਨਹੀਂ ਹੋਈ ਹੈ | ਇਸੇ ਤਰ੍ਹਾਂ ਫ਼ੂਲ ਹਲਕੇ ਤੋਂ ਤੀਜੀ ਵਾਰ ਵਿਧਾਇਕ ਤੇ ਕੈਪਟਨ ਵਜ਼ਾਰਤ 'ਚ ਪ੍ਰਭਾਵਸ਼ਾਲੀ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ ਦਾ ਰਾਹ ਰੋਕਣ ਲਈ ਕਈ ਤਾਕਤਾਂ ਕੰਮ ਕਰ ਰਹੀਆਂ ਹਨ ਪ੍ਰੰਤੂ ਉਹ ਵੀ ਮੁੜ ਸਿਆਸੀ ਤਾਕਤ ਹਾਸਲ ਕਰਨ ਲਈ ਭੱਜਦੌੜ ਕਰ ਰਹੇ ਹਨ | ਸੂਤਰਾਂ ਮੁਤਾਬਕ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਪਤ ਰਜਿੰਦਰ ਸਿੰਘ ਬਾਜਵਾ ਨਾਲ ਕਾਂਗੜ ਦੇ ਚੰਗੇ ਸਬੰਧ ਕੰਮ ਆ ਸਕਦੇ ਹਨ |
ਇਸ ਖ਼ਬਰ ਨਾਲ ਸਬੰਧਤ ਫੋਟੋ 23 ਬੀਟੀਆਈ 09 ਵਿਚ ਹੈ |