
ਕੈਪਟਨ ਦਾ ਗੁੱਸਾ ਹੋਰ ਵਧਿਆ, ਰਾਹੁਲ ਵੀ ਛੇਤੀ ਹੀ ਐਕਸ਼ਨ ਲੈਣ ਦੀ ਰੌਂਅ 'ਚ
ਕਾਂਗਰਸ ਦੇ ਬੁਲਾਰੇ ਦੀ ਟਿਪਣੀ ਸੁਣ ਕੇ ਕੈਪਟਨ ਨੇ ਵੀ ਸਵਾਲ ਚੁਕੇ
ਚੰਡੀਗੜ੍ਹ, 23 ਸਤੰਬਰ (ਗੁਰਉਪਦੇਸ਼ ਭੁੱਲਰ): ਕਾਂਗਰਸ ਹਾਈਕਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਗ਼ਾਵਤੀ ਤੇਵਰਾਂ ਵਾਲੇ ਦਿਤੇ ਬਿਆਨਾਂ ਦਾ ਸਖ਼ਤ ਨੋਟਿਸ ਲਿਆ ਹੈ | ਇਸ ਸਬੰਧ ਵਿਚ ਇਕ ਦੋ ਦਿਨ ਵਿਚ ਕੈਪਟਨ ਨੂੰ ਨੋਟਿਸ ਜਾਰੀ ਹੋ ਸਕਦਾ ਹੈ |
ਕਾਂਗਰਸ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੇ ਉਸ ਕਥਿਤ ਬਿਆਨ 'ਤੇ ਮੁੜ ਵਿਚਾਰ ਕਰਨਗੇ ਜਿਸ ਵਿਚ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਪਿ੍ਯੰਕਾ ਗਾਂਧੀ ਵਾਡਰਾ ਨੂੰ 'ਅਨੁਭਵਹੀਨ' ਦਸਿਆ ਸੀ | ਪਾਰਟੀ ਬੁਲਾਰਾ ਸੁਪਿ੍ਆ ਸ੍ਰੀਨੇਤ ਨੇ ਇਹ ਵੀ ਕਿਹਾ ਕਿ ਅਮਰਿੰਦਰ ਸਿੰਘ ਦਾ ਬਿਆਨ ਉਨ੍ਹਾਂ ਦੇ ਕਦ ਦੇ ਮੁਤਾਬਕ ਨਹੀਂ ਹੈ, ਪਰ ਉਹ ਕਾਂਗਰਸ ਦੇ ਵੱਡੇ ਆਗੂ ਹਨ ਅਤੇ ਸੰਭਵ ਹੈ ਉਨ੍ਹਾਂ ਨੇ ਕੋਈ ਗੱਲ ਗੁੱਸੇ ਵਿਚ ਕਹਿ ਦਿਤੀ ਹੋਵੇਗੀ |
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਉਹ ਸ਼ਾਇਦ ਮੇਰੇ ਪਿਤਾ ਦੀ ਉਮਰ ਦੇ ਹੋਣਗੇ | ਬਜ਼ੁਰਗਾਂ ਨੂੰ ਗੁੱਸਾ ਆਉਂਦਾ ਹੈ ਅਤੇ ਉਹ ਬਹੁਤ ਜ਼ਿਆਦਾ ਗੁੱਸੇ 'ਚ ਕਈ ਗੱਲਾਂ ਬੋਲ ਦਿੰਦੇ ਹਨ | ਮੈਨੂੰ ਲਗਦਾ ਹੈ ਕਿ ਉਹ ਜ਼ਰੂਰ ਇਸ 'ਤੇ ਮੁੜ ਵਿਚਾਰ ਕਰਨਗੇ |'' ਨਾਲ ਹੀ ਸੁਪਿ੍ਆ ਨੇ ਜ਼ੋਰ ਦੇ ਕੇ ਕਿਹਾ, ''ਰਾਜਨੀਤੀ 'ਚ ਗੱੁਸੇ, ਬਦਲੇ ਅਤੇ ਨਫ਼ਰਤ, ਵਿਅਕਤੀ ਵਿਸ਼ੇਸ਼ 'ਤੇ ਟਿਪਣੀ ਅਤੇ ਉਸ ਤੋਂ ਬਦਲਾ ਲੈਣ ਦੀ ਭਾਵਨਾ ਦੀ ਕੋਈ ਥਾਂ ਨਹੀਂ | ਅਸੀਂ ਉਮੀਦ ਕਰਦੇ ਹਾਂ ਕਿ ਉਹ ਅਪਣੀ ਕਹੀ ਹੋਈ ਗੱਲ 'ਤੇ ਅਪਣੀ ਸਮਝਦਾਰੀ ਦਿਖਾਉਂਦੇ ਹੋਏ ਜ਼ਰੂਰ ਮੁੜ ਵਿਚਾਰ ਕਰਨਗੇ, ਕਿਉਂਕਿ ਉਹ ਕਾਂਗਰਸ ਪਾਰਟੀ ਦੇ ਇਕ ਮਜਬੂਤ ਯੋਧਾ ਰਹੇ ਹਨ |''
ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਾਰਟੀ ਦੇ ਅੰਦਰ ਉਨ੍ਹਾਂ ਦੇ 'ਅਪਮਾਨ' ਦਾ ਜ਼ਿਕਰ ਕਰਦਿਆਂ ਪੁਛਿਆ ਕਿ ਜੇ ਉਨ੍ਹਾਂ ਨਾਲ ਇਸ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ ਤਾਂ ਆਮ ਵਰਕਰਾਂ ਨਾਲ ਕੀ ਹੁੰਦਾ ਹੋਵੇਗਾ? ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਚ ਕਾਂਗਰਸ ਦੀ ਬੁਲਾਰਾ ਸੁਪਿ੍ਆ ਸ੍ਰੀਨੇਤ ਦੀ ਉਸ ਟਿਪਣੀ ਦਾ ਜਵਾਬ ਦੇ ਰਹੇ ਸਨ ਜਿਸ ਵਿਚ ਸ੍ਰੀਨੇਤ ਨੇ ਕਿਹਾ ਸੀ ਕਿ ਪਾਰਟੀ ਵਿਚ ਗੁੱਸੇ ਦੀ ਕੋਈ ਥਾਂ ਨਹੀਂ ਹੈ | ਅਮਰਿੰਦਰ ਸਿੰਘ ਵਲੋਂ ਜਵਾਬ ਵਿਚ ਪੁਛਿਆ ਗਿਆ ਕਿ ਕਾਂਗਰਸ ਵਿਚ ਪ੍ਰੇਸ਼ਾਨ ਕਰਨ ਅਤੇ ਅਪਮਾਨਤ ਕਰਨ ਦੀ ਥਾਂ ਹੈ?
ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦੇ ਇਕ ਟਵੀਟ ਅਨੁਸਾਰ, Tਜੇ ਮੇਰੇ ਵਰਗੇ ਸੀਨੀਅਰ ਨੇਤਾ ਨਾਲ ਇਸ ਤਰ੍ਹਾਂ ਦਾ ਵਤੀਰਾ ਹੋ ਸਕਦਾ ਹੈ, ਤਾਂ ਮੈਂ ਹੈਰਾਨ ਹਾਂ ਕਿ ਵਰਕਰਾਂ ਨਾਲ ਕੀ ਹੁੰਦਾ ਹੋਵੇਗਾ: ਕੈਪਟਨ ਅਮਰਿੰਦਰ |'' ਅਸਤੀਫ਼ਾ ਦੇਣ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ 'ਅਪਮਾਨ' ਮਹਿਸੂਸ ਕਰ ਰਹੇ ਹਨ |
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਪਟਨ ਨੇ ਜਿਥੇ ਲਗਾਤਾਰ 7 ਟਵੀਟ ਕਰ ਕੇ ਨਵਜੋਤ ਸਿੱਧੂ 'ਤੇ ਤਿੱਖੇ ਹਮਲੇ ਕਰਨ ਤੋਂ ਇਲਾਵਾ ਰਾਹੁਲ ਗਾਂਧੀ ਤੇ ਪਿ੍ਯੰਕਾ ਨੂੰ ਅਨੁਭਵਹੀਣ ਕਿਹਾ ਸੀ ਅਤੇ ਕੇਂਦਰੀ ਆਗੂਆਂ ਵੇੇਣੂ ਗੋਪਾਲ ਤੇ ਸੁਰਜੇਵਾਲਾ 'ਤੇ ਵੀ ਨਿਸ਼ਾਨੇ ਲਾਏ ਸਨ | ਮਿਲੀ ਜਾਣਕਾਰੀ ਅਨੁਸਾਰ ਇਹ ਸਾਰੀਆਂ ਟਿਪਣੀਆਂ ਪਾਰਟੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕੋਲ ਪਹੁੰਚ ਚੁੱਕੀਆਂ ਹਨ | ਇਸ ਦੇ ਮੱਦੇਨਜ਼ਰ ਹੀ ਅੱਜ ਦਿੱਲੀ ਵਿਚ ਰਾਹੁਲ ਗਾਂਧੀ ਨੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਅਤੇ ਵੇਣੂ ਗੋਪਾਲ ਨਾਲ ਮੀਟਿੰਗ ਕੀਤੀ ਹੈ | ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਦਾ ਬੁਲਾਰਨ ਸੁਪਰਿਆ ਨੇ ਵੀ ਕਾਂਗਰਸ ਹਾਈਕਮਾਨ ਦੇ ਨਿਰਦੇਸ਼ਾਂ ਬਾਅਦ ਹੀ ਕੈਪਟਨ ਦੀਆਂ ਟਿਪਣੀਆਂ ਨੂੰ ਲੈ ਕੇ ਪ੍ਰੈਸ ਕਾਨਫ਼ਰੰਸ ਕੀਤੀ ਹੈ | ਇਸ ਦਾ ਮਕਸਦ ਕੈਪਟਨ ਨੂੰ ਸਮਝਾਉਣਾ ਬੁਝਾਉਣਾ ਹੀ ਹੈ ਕਿ ਉਹ ਖੁਲ੍ਹੇਆਮ ਪਾਰਟੀ ਨੂੰ ਚੁਨੌਤੀ ਦੇਣ ਵਾਲੀ ਬਿਆਨਬਾਜ਼ੀ ਨਾ ਕਰੇ | ਪਰ ਕੈਪਟਨ ਨੇ ਉਲਟਾ ਅੱਜ ਫਿਰ ਜਵਾਬੀ ਬਿਆਨ ਦਾਗ਼ ਦਿਤਾ ਹੈ |