
ਮੁੱਖ ਮੰਤਰੀ ਨੇ ਕਾਂਗਰਸ ਦੇ ਭੀਸ਼ਮ ਪਿਤਾਮਾ ਵਜੋਂ ਜਾਣੇ ਜਾਂਦੇ ਲਾਲ ਸਿੰਘ ਤੋਂ ਲਿਆ ਅਸ਼ੀਰਵਾਦ
ਪਟਿਆਲਾ, 23 ਸਤੰਬਰ (ਦਲਜਿੰਦਰ ਸਿੰਘ) : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਦੇ (ਭੀਸ਼ਮ ਪਿਤਾਮਾ) ਸਾਬਕਾ ਕੈਬਨਿਟ ਮੰਤਰੀ ਤੇ ਮੰਡੀਕਰਨ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਅਤੇ ਉਨ੍ਹਾਂ ਨਾਲ ਮੀਟਿੰਗ ਦੌਰਾਨ ਹਾਈਕਮਾਨ ਵਲੋਂ ਦਿਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ 18 ਨੁਕਾਤੀ ਪ੍ਰੋਗਰਾਮ ਤਹਿਤ ਵਿਚਾਰ-ਵਟਾਂਦਰਾ ਕੀਤਾ |
ਇਸ ਮੀਟਿੰਗ ਦੌਰਾਨ ਸ. ਲਾਲ ਸਿੰਘ ਨੇ ਮੁੱਖ ਮੰਤਰੀ ਨਾਲ ਜਿਥੇ ਕਈ ਨੁਕਤੇ ਸਾਂਝੇ ਕੀਤੇ ਉਥੇ ਉਹਨਾਂ ਨੂੰ ਰਾਜਨੀਤੀ ਦੇ ਕਈ ਅਹਿਮ ਗੁਰ ਵੀ ਦੱਸੇ | ਸ. ਲਾਲ ਸਿੰਘ ਨੇ ਸ. ਚਰਨਜੀਤ ਸਿੰਘ ਚੰਨੀ ਨੂੰ ਸਰਕਾਰ ਦੇ ਕਾਰਜਕਾਲ ਦੇ ਰਹਿੰਦੇ ਬਹੁਤ ਘੱਟ ਸਮੇਂ ਵਿਚ ਸਰਕਾਰ ਲਈ ਵੱਡੀਆਂ ਚੁਣੌਤੀਆਂ ਨੂੰ ਸਰ ਕਰ ਲੈਣ ਬਾਰੇ ਵੀ ਸਲਾਹ ਮਸ਼ਵਰਾ ਦਿਤਾ | ਉਨ੍ਹਾਂ ਮੱੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਬਨਿਟ ਦੇ ਵਿਸਥਾਰ ਅਤੇ ਹਰ ਕੰਮ ਨੂੰ ਸਹੀ ਸਲੀਕੇ ਨਾਲ ਕਰ ਕੇ ਪੰਜਾਬ ਵਾਸੀਆਂ ਦਾ ਦਿਲ ਜਿੱਤਣ ਬਾਰੇ ਵੀ ਅਹਿਮ ਜਾਣਕਾਰੀ ਦਿਤੀ |
ਦਸਣਯੋਗ ਹੈ ਕਿ ਸ. ਲਾਲ ਸਿੰਘ ਕਾਂਗਰਸ ਪਾਰਟੀ ਵਿਚ ਸੱਭ ਤੋਂ ਸੀਨੀਅਰ ਤੇ ਪਿਛਲੇ 50 ਸਾਲ ਤੋਂ ਵੀ ਵਧ ਸਮੇਂ ਤੋਂ ਕਾਂਗਰਸ ਪਾਰਟੀ ਦੇ ਟਕਸਾਲੀ ਤੇ ਪੱਕੇ ਸਿਪਾਹੀ ਦੇ ਤੌਰ 'ਤੇ ਕੰਮ ਕਰਦੇ ਆ ਰਹੇ ਹਨ | ਉਨ੍ਹਾਂ ਨੇ ਹਮੇਸ਼ਾਂ ਬਿਨਾਂ ਕਿਸੇ ਲਾਲਚ ਦੇ ਪਾਰਟੀ ਲਈ ਅਣਥਕ ਮਿਹਨਤ ਕਰ ਕੇ ਪਾਰਟੀ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ | ਪਾਰਟੀ ਲਈ ਆਏ ਕਦੇ ਮਾੜੇ ਸਮੇਂ ਦੌਰਾਨ ਵੀ ਉਹ ਪਾਰਟੀ ਲਈ ਡਟ ਕੇ ਖੜੇ |
ਸ. ਲਾਲ ਸਿੰਘ ਵਲੋਂ 8 ਵਾਰ ਜਿਥੇ ਚੋਣ ਲੜੀ ਗਈ ਹੈ ਤੇ 6 ਵਾਰ ਜਿੱਤ ਪ੍ਰਾਪਤ ਕਰ ਕੇ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਉਚ ਅਹੁਦੇ 'ਤੇ ਕੈਬਨਿਟ ਰੈਂਕ 'ਤੇ ਲਗਭਗ ਪੰਜਾਬ ਦੇ ਸਾਰੇ ਮੁੱਖ ਮੰਤਰੀਆਂ ਨਾਲ ਵੀ ਕੰਮ ਕੀਤਾ ਹੈ | ਸ. ਲਾਲ ਸਿੰਘ ਦੀ ਜਿਥੇ ਹਾਈਕਮਾਨ ਵਿਚ ਮਜ਼ਬੂਤ ਪਕੜ ਹੈ, ਉਥੇ ਹਾਈਕਮਾਨ ਦੇ ਵਿਸ਼ਵਾਸਪਾਤਰ ਵਜੋਂ ਵੀ ਜਾਣੇ ਵੀ ਹਨ | ਉਨ੍ਹਾਂ ਹਮੇਸ਼ਾਂ ਕਾਂਗਰਸ ਪਾਰਟੀ ਲਈ ਵਧ-ਚੜ੍ਹ ਕੇ ਕੰਮ ਕਰਨ ਲਈ ਸਾਰਿਆਂ ਨੂੰ ਪ੍ਰੇਰਿਆ ਵੀ ਹੈ ਤੇ ਆਪ ਵੀ ਪਾਰਟੀ ਨੂੰ ਬੁਲੰਦੀਆਂ 'ਤੇ ਲਿਜਾਉਣ ਲਈ ਕੰਮ ਕੀਤਾ ਹੈ | ਪੰਜਾਬ ਵਿਚ ਜਦੋਂ ਕਦੋਂ ਵੀ ਕਾਂਗਰਸ ਸਰਕਾਰ ਬਣੀ ਹੈ ਤਾਂ ਹਾਈਕਮਾਨ ਵਲੋਂ ਸ. ਲਾਲ ਸਿੰਘ ਨਾਲ ਸਲਾਹਮਸ਼ਵਰਾ ਕਰ ਕੇ ਹੀ ਪੰਜਾਬ ਲਈ ਸਾਰੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ |
ਫੋਟੋ ਨੰ 23ਪੀਏਟੀ. 15