
ਘਰਾਂ ਦੇ ਨੇੜੇ ਸਿਹਤ ਸਹੂਲਤਾਂ ਦੇਣ ਲਈ ਸ਼ੁਰੂ ਹੋਏੇ 100 ਆਮ ਆਦਮੀ ਕਲੀਨਿਕ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੇ ਆਮ ਲੋਕਾਂ ਨੂੰ 100 ਆਮ ਆਦਮੀ ਕਲੀਨਿਕ ਸਮਰਪਤ ਕੀਤੇ ਹਨ | ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਸਨ ਅਤੇ ਹੁਣ 25 ਹੋਰ ਕਲੀਨਿਕ ਪੰਜਾਬੀਆਂ ਨੂੰ ਸਮਰਪਤ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ 100 ਆਮ ਆਦਮੀ ਕਲੀਨਿਕ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਵਲ ਇਹ ਪਹਿਲਾ ਕਦਮ ਹੈ |
ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚੋਂ 13 ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਅਤੇ ਪਿੰਡਾਂ ਵਿਚ ਖੋਲ੍ਹੇ ਗਏ ਹਨ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇੱਕ ਗਾਰੰਟੀ ਦਿਤੀ ਸੀ ਕਿ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ | ਇਹ ਗਰੰਟੀ ਹੁਣ ਪੂਰੀ ਹੋਈ ਹੈ | ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋ ਚੁਕੀ ਹੈ | ਮਾਨ ਨੇ ਕਿਹਾ ਕਿ ਅਸੀਂ ਆਮ ਆਦਮੀ ਕਲੀਨਿਕ ਸਥਾਪਤ ਕਰਨ ਦਾ ਵਾਅਦਾ ਕੀਤਾ ਸੀ | ਦਿੱਲੀ ਵਿਚ ਇਹ ਪ੍ਰਣਾਲੀ ਬਹੁਤ ਸਫ਼ਲ ਰਹੀ ਹੈ |
ਭਗਵੰਤ ਮਾਨ ਨੇ ਕਿਹਾ ਕਿ ਗਰੀਬ ਲੋਕ ਪੈਸੇ ਦੀ ਕਮੀ ਕਾਰਨ ਅਪਣਾ ਇਲਾਜ ਕਰਵਾਉਣ ਤੋਂ ਅਸਮਰਥ ਹਨ | ਪੰਜਾਬ ਵਿਚ ਅਜਿਹਾ ਕੋਈ ਨਹੀਂ ਹੋਵੇਗਾ, ਜੋ ਪੈਸੇ ਦੀ ਘਾਟ ਕਾਰਨ ਇਲਾਜ ਨਾ ਕਰਵਾ ਸਕੇ | ਅਸੀਂ ਇਸ ਦੀ ਸ਼ੁਰੂਆਤ ਦਿੱਲੀ ਸਰਕਾਰ ਦੀ ਤਰਜ਼ 'ਤੇ ਕੀਤੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿਚ 98 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿਤੀਆਂ ਜਾਣਗੀਆਂ ਅਤੇ 41 ਤਰ੍ਹਾਂ ਦੇ ਖ਼ੂਨ ਦੇ ਟੈਸਟ ਕੀਤੇ ਜਾਣਗੇ | ਖੂਨ ਦੇ ਨਮੂਨੇ ਲੈ ਕੇ ਲੈਬ ਨੂੰ ਭੇਜੇ ਜਾਣਗੇ | ਪਿੰਡਾਂ ਵਿਚ ਡਿਸਪੈਂਸਰੀਆਂ ਪੱਕੀਆਂ ਹੋਣਗੀਆਂ, ਅਸੀਂ ਅਪਣੀ ਗਾਰੰਟੀ ਪੂਰੀ ਕਰ ਰਹੇ ਹਾਂ |
ਦੱਸ ਦਈਏ ਕਿ ਆਜ਼ਾਦੀ ਦਿਵਸ ਮੌਕੇ ਸਮਰਪਤ ਕੀਤੇ ਇਹ ਕਲੀਨਿਕ ਭਵਿੱਖ ਵਿਚ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨਗੇ | ਉਨ੍ਹਾਂ ਅੱਗੇ ਕਿਹਾ ਕਿ ਇਨਾਂ ਕਲੀਨਿਕਾਂ ਦੀ ਸਥਾਪਨਾ ਨਾਲ ਗਰੀਬ ਅਤੇ ਮੱਧ ਵਰਗੀ ਪਰਵਾਰਾਂ ਨੂੰ ਨਾ ਸਿਰਫ਼ ਉਨ੍ਹਾਂ ਦੇ ਦਰ 'ਤੇ ਲੋੜੀਦੀਆਂ ਸਿਹਤ ਸੇਵਾਵਾਂ ਮਿਲ ਸਕਣਗੀਆਂ ਸਗੋਂ ਇਹ ਕਲੀਨਿਕ ਹਸਪਤਾਲਾਂ ਵਿਚ ਭੀੜ ਨੂੰ ਘਟਾਉਣ ਵਿਚ ਵੀ ਸਹਾਈ ਸਿੱਧ ਹੋਣਗੇ |
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇੱਕ ਮਜ਼ਬੂਤ ਅਤੇ ਸਿਹਤਮੰਦ ਪੰਜਾਬ ਨੂੰ ਯਕੀਨੀ ਬਣਾਉਣ ਦੀ ਅਪਣੀ ਵਚਨਬੱਧਤਾ ਅਨੁਸਾਰ ਸੂਬੇ ਦੇ ਸਿਹਤ ਸੰਭਾਲ ਢਾਂਚੇ ਵਿਚ ਸੁਧਾਰ ਕਰਨ ਅਤੇ ਅਪਣੇ ਨਾਗਰਿਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ | ਇਹ ਕਲੀਨਿਕ ਇਸ ਗੱਲ ਨੂੰ ਧਿਆਨ ਵਿਚ ਰਖਦੇ ਹੋਏ ਸਥਾਪਤ ਕੀਤੇ ਗਏ ਹਨ ਕਿ ਸਿਹਤ ਸੰਭਾਲ ਸੂਬੇ ਦੇ ਹਰੇਕ ਨਾਗਰਿਕ ਦਾ ਅਧਿਕਾਰ ਹੈ | ਇਸ ਸਹੂਲਤ ਨਾਲ ਸੂਬੇ ਦੇ ਹਰ ਨਾਗਰਿਕ ਨੂੰ ਮੁਫ਼ਤ ਸਿਹਤ ਸੇਵਾਵਾਂ ਮਿਲਣਗੀਆਂ | ਮੰਤਰੀ ਨੇ ਕਿਹਾ ਕਿ ਹੁਣ ਛੋਟੀਆਂ ਬਿਮਾਰੀਆਂ ਦੇ ਇਲਾਜ ਲਈ ਵੱਡੇ ਹਸਪਤਾਲਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ |