
22 ਜੁਲਾਈ ਨੂੰ, ਐੱਨ.ਆਈ.ਏ. ਨੇ ਨਿੱਝਰ ਦੀ ਗ੍ਰਿਫ਼ਤਾਰੀ ਵਾਸਤੇ ਸੂਚਨਾ ਦੇਣ ਲਈ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਸੀ।
ਜਲੰਧਰ- ਪਿਛਲੇ ਸਾਲ ਜਲੰਧਰ ਵਿਖੇ ਖਾਲਿਸਤਾਨ ਟਾਈਗਰ ਫ਼ੋਰਸ ਦੇ ਦਹਿਸ਼ਤਗਰਦਾਂ ਵੱਲੋਂ ਇੱਕ ਹਿੰਦੂ ਪੁਜਾਰੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਇੱਕ ਮੁਲਜ਼ਮ ਵਿਰੁੱਧ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਮੇਰਠ ਦੇ ਸੰਗਤਪੁਰਾ ਮੁਹੱਲੇ ਦਾ ਰਹਿਣ ਵਾਲਾ ਗਗਨਦੀਪ ਸਿੰਘ ਉਰਫ ਗੱਗੂ, ਐਨਆਈਏ ਵੱਲੋਂ ਪਿਛਲੇ ਸਾਲ 8 ਅਕਤੂਬਰ ਨੂੰ ਇਸ ਮਾਮਲੇ ਦੀ ਜਾਂਚ ਸੰਭਾਲਣ ਤੋਂ ਬਾਅਦ ਪੰਜਾਬ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੰਜਵਾਂ ਵਿਅਕਤੀ ਹੈ।
ਪਹਿਲਾਂ 4 ਜੁਲਾਈ ਨੂੰ, ਏਜੈਂਸੀ ਚਾਰ ਮੁਲਜ਼ਮਾਂ- ਕੈਨੇਡਾ ਵਿਖੇ ਰਹਿਣ ਵਾਲੇ ਕੇਟੀਐਫ਼ ਮੁਖੀ ਹਰਦੀਪ ਸਿੰਘ ਨਿੱਝਰ, ਉਸ ਦੇ ਕਰੀਬੀ ਸਾਥੀ ਅਰਸ਼ਦੀਪ ਸਿੰਘ ਉਰਫ਼ ਪ੍ਰਭ, ਕਮਲਜੀਤ ਸ਼ਰਮਾ ਅਤੇ ਰਾਮ ਸਿੰਘ ਉਰਫ਼ ਸੋਨਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। 22 ਜੁਲਾਈ ਨੂੰ, ਐੱਨ.ਆਈ.ਏ. ਨੇ ਨਿੱਝਰ ਦੀ ਗ੍ਰਿਫ਼ਤਾਰੀ ਵਾਸਤੇ ਸੂਚਨਾ ਦੇਣ ਲਈ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਸੀ।
"ਜਾਂਚ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਵਿੱਚ ਰਹਿੰਦੇ ਮੁਲਜ਼ਮ ਨਿੱਝਰ ਅਤੇ ਅਰਸ਼ਦੀਪ ਨੇ ਸਾਰੀ ਸਾਜ਼ਿਸ਼ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਅਤੇ ਫ਼ਿਰਕੂ ਸਦਭਾਵਨਾ ਭੰਗ ਕਰਨ ਦੇ ਮਕਸਦ ਨਾਲ ਰਚੀ ਸੀ। ਅਰਸ਼ਦੀਪ ਦੇ ਨਿਰਦੇਸ਼ਾਂ 'ਤੇ ਦੋਸ਼ੀ ਗਗਨਦੀਪ ਦੁਆਰਾ ਸਪਲਾਈ ਕੀਤੇ ਗਏ ਹਥਿਆਰਾਂ ਨਾਲ ਗਿਰੋਹ ਦੇ ਮੈਂਬਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਜਾਰੀ ਕਮਲਦੀਪ ਸ਼ਰਮਾ ਨੂੰ ਪਿਛਲੇ ਸਾਲ 31 ਜਨਵਰੀ ਨੂੰ ਜਲੰਧਰ ਵਿਖੇ ਗੋਲ਼ੀ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ ਸੀ।