
ਇਲਜ਼ਾਮ ਹੈ ਕਿ ਰਜਿੰਦਰ ਸਿੰਘ ਨੇ ਦੋ ਦਰਜਨ ਦੇ ਕਰੀਬ ਮਜ਼ਦੂਰਾਂ ਦੀ ਮੌਜੂਦਗੀ ਵਿਚ ਸੁਖਪਾਲ ਸਿੰਘ ਦੀ ਬਾਂਹ ਮਰੋੜਦੇ ਹੋਏ ਥੱਪੜ ਅਤੇ ਮੁੱਕਾ ਮਾਰਿਆ।
ਮਾਨਸਾ - ਪੰਜਾਬ ਦੇ ਮਾਨਸਾ ਵਿਚ ਇੱਕ ਮਜ਼ਦੂਰ ਨੇ ਸ਼ਮਸ਼ਾਨਘਾਟ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦਰਅਸਲ ਪਿੰਡ ਬੋਹਾ ਵਿਚ ਮਹਿਲਾ ਸਰਪੰਚ ਦੇ ਪਤੀ ਨੇ ਸਾਥੀ ਮਜ਼ਦੂਰਾਂ ਦੇ ਸਾਹਮਣੇ ਵਿਅਕਤੀ ਦੀ ਕੁੱਟਮਾਰ ਕੀਤੀ ਸੀ। ਜਿਸ ਕਾਰਨ ਉਹ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿਚ ਬੋਹਾ ਪੁਲਿਸ ਨੇ ਮੁਲਜ਼ਮ ਸਰਪੰਚ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਲੱਖੀਵਾਲ ਵਿਚ ਮਨਰੇਗਾ ਮਜ਼ਦੂਰਾਂ ਦਾ ਕੰਮ ਚੱਲ ਰਿਹਾ ਸੀ। ਸਰਪੰਚ ਹਰਭਜਨ ਕੌਰ ਦਾ ਪਤੀ ਰਜਿੰਦਰ ਸਿੰਘ ਉਰਫ਼ ਬੱਬੂ ਮਨਰੇਗਾ ਮਜ਼ਦੂਰਾਂ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਮਜ਼ਦੂਰ ਸੁਖਪਾਲ ਸਿੰਘ (47) ਪੁੱਤਰ ਬੰਤਾ ਸਿੰਘ ਨਾਲ ਕੰਮ ਨੂੰ ਲੈ ਕੇ ਬਹਿਸ ਹੋ ਗਈ। ਇਲਜ਼ਾਮ ਹੈ ਕਿ ਰਜਿੰਦਰ ਸਿੰਘ ਨੇ ਦੋ ਦਰਜਨ ਦੇ ਕਰੀਬ ਮਜ਼ਦੂਰਾਂ ਦੀ ਮੌਜੂਦਗੀ ਵਿਚ ਸੁਖਪਾਲ ਸਿੰਘ ਦੀ ਬਾਂਹ ਮਰੋੜਦੇ ਹੋਏ ਥੱਪੜ ਅਤੇ ਮੁੱਕਾ ਮਾਰਿਆ।
ਉਥੋਂ ਭੱਜਣ ਲਈ ਵੀ ਕਿਹਾ। ਬੇਇੱਜ਼ਤੀ ਮਹਿਸੂਸ ਕਰਦਿਆਂ ਸੁਖਪਾਲ ਨੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਜਾ ਕੇ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਬੋਹਾ ਦੀ ਇੰਸਪੈਕਟਰ ਬੇਅੰਤ ਕੌਰ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਦੀ ਪਤਨੀ ਪਰਮਜੀਤ ਕੌਰ ਉਰਫ਼ ਤਲੋ ਦੇ ਬਿਆਨਾਂ ’ਤੇ ਰਜਿੰਦਰ ਸਿੰਘ ਉਰਫ਼ ਬੱਬੂ ਵਾਸੀ ਪਿੰਡ ਲੱਖੀਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।