
ਗੋਲਡਨ ਸਕੁਏਅਰ ’ਚ ਕੰਪਨੀ ਚਲਾਉਣ ਵਾਲੇ ਜੋੜੇ ਨੇ ਦਫ਼ਤਰ ਕੀਤਾ ਬੰਦ
ਜ਼ੀਰਕਪੁਰ : ਸ਼ੇਅਰ ਮਾਰਕੀਟ ’ਚ ਨਿਵੇਸ਼ ਕਰਨ ਦਾ ਝਾਂਸਾ ਦੇ ਕੇ ਲਗਭਗ 300 ਲੋਕਾਂ ਦੇ ਲਗਭਗ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਮੈਟਰੋ ਮਾਲ ਨੇੜੇ ਗੋਲਡਨ ਸਕੁਏਅਰ ਬਿਲਡਿੰਗ ਦੀ ਚੌਥੀ ਮੰਜ਼ਿਲ ’ਤੇ ਇੱਕ ਜੋੜਾ ਕੰਪਨੀ ਚਲਾ ਰਿਹਾ ਸੀ ਅਤੇ ਇਹ ਜੋੜਾ ਦਫ਼ਤਰ ਬੰਦ ਕਰਕੇ ਭੱਜ ਗਿਆ।
ਕਈ ਦਿਨਾਂ ਤੋਂ ਕੰਪਨੀ ਦਾ ਦਫ਼ਤਰ ਬੰਦ ਰਹਿਣ ਤੋਂ ਬਾਅਦ ਮੰਗਲਵਾਰ ਨੂੰ 100 ਤੋਂ ਵੱਧ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਅਤੇ ਹੋਰ ਸਖ਼ਤ ਧਾਰਾਵਾਂ ਤਹਿਤ ਜਲਦੀ ਤੋਂ ਜਲਦੀ ਕੇਸ ਦਰਜ ਕੀਤਾ ਜਾਵੇ।
ਲੋਕਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਮਨੀ ਲਾਂਡਰਿੰਗ ਨਾਲ ਵੀ ਸਬੰਧਤ ਹੋ ਸਕਦਾ ਹੈ, ਇਸ ਲਈ ਮਨੀ ਲਾਂਡਰਿੰਗ ਐਕਟ 2002 ਅਤੇ ਸੇਬੀ ਐਕਟ 1992 ਤਹਿਤ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਕੰਪਨੀ ਦੇ ਨਾਲ ਜੋੜੇ ਦੇ ਬੈਂਕ ਖਾਤੇ ਵੀ ਤੁਰੰਤ ਪ੍ਰਭਾਵ ਨਾਲ ਫਰੀਜ਼ ਕੀਤੇ ਜਾਣੇ ਚਾਹੀਦੇ ਹਨ। ਦੋਸ਼ੀ ਵਿਦੇਸ਼ ਭੱਜ ਸਕਦੇ ਹਨ, ਇਸ ਲਈ ਦੋਵਾਂ ਦੋਸ਼ੀਆਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ। ਆਰੋਪੀਆਂ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਇਸ ਮਾਮਲੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਨਿਵੇਸ਼ ਕੀਤੇ ਪੈਸੇ ਦੀ ਵਾਪਸੀ ਨੂੰ ਯਕੀਨੀ ਬਣਾਇਆ ਜਾ ਸਕੇ।
ਨਿਵੇਸ਼ਕ ਨਿਰਦੇਸ਼ਕ ਕੁਮਾਰ ਚਾਵਲਾ, ਅਵਤਾਰ ਸਿੰਘ, ਵਿਕਾਸ, ਸਤਨਾਮ ਸਿੰਘ, ਤਰੁਣ ਛਾਬੜਾ, ਕਰਨ, ਮੋਨੂੰ, ਅਮਰਜੀਤ ਸਿੰਘ, ਸੁਭਾਸ਼ ਚੰਦਰ, ਅਮਿਤ, ਸੀਮਾ ਸ਼ਰਮਾ ਸਮੇਤ ਹੋਰਨਾਂ ਨੇ ਦੱਸਿਆ ਕਿ ਕਿ ਉਕਤ ਆਰੋਪੀ 2019 ਤੋਂ ਪੈਸਾ ਨਿਵੇਸ਼ ਕਰਨ ਦਾ ਕੰਮ ਰਹੇ ਸਨ। ਉਨ੍ਹਾਂ ਦੀ ਕੰਪਨੀ ਲੋਕਾਂ ਨਾਲ 100 ਰੁਪਏ ਦੇ ਸਟੈਂਪ ਪੇਪਰਾਂ ’ਤੇ ਸਮਝੌਤੇ ਕਰਕੇ ਅਤੇ ਨੋਟਰੀ ਤੋਂ ਤਸਦੀਕ ਕਰਵਾ ਕੇ ਲੋਕਾਂ ਤੋਂ ਪੈਸੇ ਲੈਂਦੇ ਸਨ। ਉਨ੍ਹਾਂ ਵੱਲੋਂ ਪੈਸੇ ਨੂੰ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਕੇ ਜ਼ਿਆਦ ਮੁਨਾਫਾ ਕਮਾਉਣ ਦਾ ਵਾਅਦਾ ਵੀ ਕੀਤਾ।
ਉਨ੍ਹਾਂ ਨੇ ਦੱਸਿਆ ਕਿ 300 ਤੋਂ ਵੱਧ ਪਰਿਵਾਰਾਂ ਨੇ ਆਪਣੀ ਮਿਹਨਤ ਦੀ ਕਮਾਈ ਕੰਪਨੀ ਦੇ ਸੰਚਾਲਕਾਂ ਨੂੰ ਦੇ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਅਕਤੂਬਰ 2024 ਤੋਂ ਬਾਅਦ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਇਸ ਨਾਲ ਨਿਵੇਸ਼ਕਾਂ ਵਿੱਚ ਬੇਚੈਨੀ ਫੈਲ ਗਈ ਹੈ। ਉਨ੍ਹਾਂ ਦੱਸਿਆ ਕਿ ਸੁਨੀਲ ਕੁਮਾਰ ਅਤੇ ਨਿਧੀ ਨੇ ਪਿਛਲੇ ਹਫ਼ਤੇ ਤੋਂ ਆਪਣੇ ਦਫ਼ਤਰ ਖੋਲ੍ਹਣੇ ਬੰਦ ਕਰ ਦਿੱਤੇ ਸਨ।