
ਪਿੰਡ ਕਿਲਾ ਭਰੀਆਂ ’ਚ ਝੋਨੇ ਦੀ ਫਸਲ ਹੋਈ ਬਰਬਾਦ
ਸੰਗਰੂਰ: ਸੰਗਰੂਰ ਦੇ ਪਿੰਡ ਕਿਲਾ ਭਰੀਆਂ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ਉੱਪਰ ਚੀਨੀ ਵਾਇਰਸ ਦੀ ਵੱਡੀ ਮਾਰ ਪਈ ਹੈ, ਜਿਸ ਦੇ ਚਲਦਿਆਂ ਝੋਨੇ ਦੇ ਬੂਟੇ ਪੱਕਣ ਦੀ ਥਾਂ ਸੁੱਕਣ ਲੱਗੇ ਹਨ। ਖੇਤ ਵਿੱਚ ਸਾਫ ਦਿਖਾਈ ਦੇ ਰਿਹਾ, ਇੱਕ ਪਾਸੇ ਝੋਨਾ ਪੱਕ ਰਿਹਾ ਹੈ, ਦੂਜੇ ਪਾਸੇ ਜਿਹੜੇ ਪੌਦਿਆਂ ਉੱਪਰ ਵਾਇਰਸ ਦਾ ਅਸਰ ਹੋਇਆ ਹੈ, ਉਹ ਲਗਾਤਾਰ ਮੁਰਝਾ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਦੇ ਕਹਿਣ ’ਤੇ ਉਹ ਸਪਰੇਅ ਵੀ ਕਰ ਚੁੱਕੇ ਹਨ, ਪਰ ਹਾਲੇ ਤੱਕ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਨ੍ਹਾਂ ਦੇ ਖੇਤ ਵਿੱਚ ਕਿਸ ਬਿਮਾਰੀ ਦਾ ਹਮਲਾ ਹੋਇਆ ਹੈ। ਉਹ ਹੁਣ ਤੱਕ ਸੱਤ ਅੱਠ ਸਪਰੇਅ ਵੀ ਕਰ ਚੁੱਕੇ ਹਨ। ਇਸੇ ਤਰ੍ਹਾਂ ਦੇ ਹਾਲਾਤ ਉਨ੍ਹਾਂ ਦੇ ਇਲਾਕੇ ਵਿੱਚ ਵੱਡੇ ਪੱਧਰ ’ਤੇ ਖੇਤਾਂ ਵਿੱਚ ਦਿਖਾਈ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਉਲਝਣ ਵਿੱਚ ਹਨ ਕਿ ਉਹ ਇਸ ਬਿਮਾਰੀ ਤੋਂ ਬਚਣ ਲਈ ਕਿਹੜੀ ਸਪਰੇਅ ਦਾ ਛਿੜਕਾਅ ਕਰਨ।