
ਠੱਗੀ ਕਰਨ ਵਾਲਿਆਂ ’ਚ ਪੁਲਿਸ ਕਰਮਚਾਰੀ ਤੇ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਣ ਵਾਲਾ ਵਿਅਕਤੀ ਸੀ ਸ਼ਾਮਲ
ਖੰਨਾ : ਪੰਜਾਬ ’ਚ ਸਾਈਬਰ ਠੱਗੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਿਆਸੀ ਅਤੇ ਪੁਲਿਸ ਗਲਿਆਰਿਆਂ ਵਿੱਚ ਹੜਕੰਪ ਮਚਾ ਗਿਆ ਹੈ। ਖੰਨਾ ਸਾਈਬਰ ਥਾਣੇ ਨੇ ਖੁਲਾਸਾ ਕੀਤਾ ਹੈ ਕਿ ਇੱਕ ਫਰਜ਼ੀ ਰੇਡ ਟੀਮ ਤਿਆਰ ਕਰਕੇ ਬਾਹਰਲੇ ਸੂਬਿਆਂ ਦੇ ਬਿਜਨੈਸਮੈਨਾਂ ਨੂੰ ਅਗਵਾ ਕਰਕੇ ਪੈਸਿਆਂ ਦੀ ਵੱਡੀ ਮੰਗ ਕੀਤੀ ਗਈ। ਇਸ ਸਾਜ਼ਿਸ਼ ’ਚ ਪੁਲਿਸ ਦੇ ਕਰਮਚਾਰੀ ਅਤੇ ਕੁਝ ਪ੍ਰਾਈਵੇਟ ਲੋਕ ਸ਼ਾਮਲ ਸਨ। ਆਰੋਪੀਆਂ ਵਿੱਚ ਗਗਨਦੀਪ ਸਿੰਘ ਉਰਫ ਗਗਨ ਉਰਫ ਐਪਲ (ਲੁਧਿਆਣਾ) ਵੀ ਸ਼ਾਮਲ ਹੈ ਜਿਸ ਦਾ ਰਾਜਨੀਤਿਕ ਪਾਰਟੀ ਨਾਲ ਸਬੰਧ ਦੱਸਿਆ ਜਾ ਰਿਹਾ ਹੈ।
ਐੱਫਆਈਆਰ ਮੁਤਾਬਕ, HC ਬਲਵਿੰਦਰ ਸਿੰਘ (3rd IRB), ASI ਕੁਲਦੀਪ ਸਿੰਘ (GRP), ਗਗਨਦੀਪ ਐਪਲ, ਕਰਨਦੀਪ ਸਿੰਘ, ਮਨੀ ਅਤੇ ਇੱਕ ਹੋਰ ਸਾਥੀ ਨੇ ਮਿਲ ਕੇ ਫਰਜ਼ੀ ਐਸ.ਪੀ., ਡੀ.ਐਸ.ਪੀ.ਅਤੇ ਡੀ.ਆਈ.ਜੀ. ਬਣ ਕੇ ਨੋਇਡਾ (ਦਿੱਲੀ) ਵਿਖੇ ਇੱਕ ਦਫ਼ਤਰ ’ਚ ਰੇਡ ਮਾਰੀ। ਤਰੁਣ ਅਗਰਵਾਲ (ਗੁਜਰਾਤ), ਹੇਰਤ ਸ਼ਾਹ (ਅਹਿਮਦਾਬਾਦ) ਅਤੇ ਥੁਰਾਈ ਰਾਜ (ਤਾਮਿਲਨਾਡੂ) ਨੂੰ ਬੰਦੂਕਾਂ ਦੇ ਸਾਏ ਹੇਠ ਅਗਵਾ ਕਰਕੇ ਲੁਧਿਆਣਾ ਲਿਆਇਆ ਗਿਆ।
ਪੀੜਤਾਂ ਤੋਂ ਪਹਿਲਾਂ 10 ਕਰੋੜ ਰੁਪਏ ਦੀ ਰਿਹਾਈ ਰਕਮ ਮੰਗੀ ਗਈ। ਬਾਅਦ ’ਚ ਰਕਮ 5 ਕਰੋੜ ਤੇ ਫਿਰ 70 ਲੱਖ ਤੱਕ ਘਟਾਈ ਗਈ। ਪੀੜਤਾਂ ਦੇ ਖਾਤਿਆਂ ਤੋਂ 999 USDT, 3650 USDT ਅਤੇ 1 ਲੱਖ ਰੁਪਏ ਗਿਫਟ ਕਾਰਡਾਂ ਰਾਹੀਂ ਲੈ ਲਏ ਗਏ। ਇਸ ਤੋਂ ਇਲਾਵਾ ਐਪਲ ਫੋਨ, ਪੋਕੋ ਫੋਨ ਅਤੇ ਐਪਲ ਵਾਚ ਵੀ ਖੋਹੇ ਗਏ।
ਆਰੋਪੀਆਂ ਨੇ ਅਗਵਾ ਕੀਤੇ ਬਿਜਨੈਸਮੈਨਾਂ ਨੂੰ ਖੰਨਾ ਪੁਲਿਸ ਦੇ ਸਾਹਮਣੇ ਲਿਆ ਕੇ ਝੂਠਾ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਥਾਣਾ ਇੰਚਾਰਜ ਨਰਪਿੰਦਰ ਸਿੰਘ ਨੇ ਜਾਂਚ ਕੀਤੀ, ਤਾਂ ਪਤਾ ਲੱਗਿਆ ਕਿ ਇਨ੍ਹਾਂ ਪੀੜਤਾਂ ਖ਼ਿਲਾਫ਼ ਨਾ ਕੋਈ ਸ਼ਿਕਾਇਤ ਹੈ ਤੇ ਨਾ ਹੀ ਕੋਈ ਕੇਸ ਰਿਕਾਰਡ ’ਚ ਦਰਜ ਹੈ। ਇਸ ਨਾਲ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ।
ਹੁਣ ਐਚ. ਸੀ. ਬਲਵਿੰਦਰ ਸਿੰਘ, ਏ.ਐਸ.ਆਈ. ਕੁਲਦੀਪ ਸਿੰਘ, ਗਗਨਦੀਪ ਐਪਲ, ਕਰਨਦੀਪ ਸਿੰਘ, ਮਨੀ ਅਤੇ ਇੱਕ ਅਣਪਛਾਤੇ ਸਾਥੀ ਖਿਲਾਫ਼ ਜੁਰਮ 319, 140, 3(5), 318 (4) ਬੀ.ਐਨ.ਐਸ. ਅਤੇ 66-ਡੀ.ਆਈ.ਟੀ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਖੰਨਾ ਪੁਲਸ ਨੇ 17 ਸਤੰਬਰ ਨੂੰ ਇਹ ਕੇਸ ਦਰਜ ਕੀਤਾ। ਪ੍ਰੰਤੂ ਇਸਦੇ ਤਾਰ ਸਿਆਸੀ ਅਤੇ ਪੁਲਸ ਮਹਿਕਮਾ ਨਾਲ ਜੁੜੇ ਹੋਣ ਕਰਕੇ ਹੁਣ ਤੱਕ ਇਸ ਮੁਕੱਦਮੇ ਨੂੰ ਮੀਡੀਆ ਤੋਂ ਛੁਪਾ ਕੇ ਰੱਖਿਆ ਗਿਆ ਹੈ। ਹੁਣ ਇਸਦੀ ਐਫ.ਆਈ.ਆਰ.ਸਾਹਮਣੇ ਆਈ ਹੈ।
ਇਸ ਪਰਦਾਫਾਸ਼ ਨੇ ਪੁਲਿਸ ਮਹਿਕਮੇ ਦੀ ਸਾਖ਼ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਜਾਅਲਸਾਜੀ ਕਰਨ ਵਾਲੇ ਗਰੋਹ ਵਿੱਚ ਪੁਲਿਸ ਦੇ ਕਰਮਚਾਰੀ ਵੀ ਸ਼ਾਮਲ ਸਨ। ਦੂਜੇ ਪਾਸੇ ਗਗਨਦੀਪ ਐਪਲ ਦਾ ਰਾਜਨੀਤਿਕ ਪਾਰਟੀ ਨਾਲ ਸਬੰਧ ਹੋਣ ਕਰਕੇ ਇਹ ਮਾਮਲਾ ਰਾਜਨੀਤਿਕ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।