
ਲਖਬੀਰ ਕਤਲ ਕੇਸ ਵਿਚ ਚਾਰ ਨਿਹੰਗ ਸਿੰਘ ਹੋਏ ਅਦਾਲਤ ਵਿਚ ਪੇਸ਼, ਦੋ ਦਿਨ ਦਾ ਰਿਮਾਂਡ ਵਧਾਇਆ
ਸੋਨੀਪਤ, 23 ਅਕਤੂਬਰ: ਲਖਬੀਰ ਸਿੰਘ ਕਤਲ ਮਾਮਲੇ ਵਿਚ ਗਿ੍ਰਫ਼ਤਾਰ ਕੀਤੇ ਗਏ 4 ਨਿਹੰਗ ਸਿੰਘ ਅੱਜ ਸੋਨੀਪਤ ਅਦਾਲਤ ਵਿਚ ਪੇਸ਼ ਹੋਏ ਤੇ ਅਦਾਲਤ ਨੇ ਉਨ੍ਹਾਂ ਦੇ ਰਿਮਾਂਡ ਵਿਚ 2 ਦਿਨ ਦਾ ਵਾਧਾ ਕੀਤਾ ਹੈ। ਹਰਿਆਣਾ ਪੁਲਿਸ ਨੇ ਸਰਬਜੀਤ ਸਿੰਘ, ਨਾਰਾਇਣ ਸਿੰਘ, ਗੋਵਿੰਦਪ੍ਰੀਤ ਸਿੰਘ ਅਤੇ ਭਗਵੰਤ ਸਿੰਘ ਨੂੰ ਕੋਰਟ ’ਚ ਪੇਸ਼ ਕੀਤਾ। ਸੋਨੀਪਤ ਦੇ ਪੁਲਿਸ ਡਿਪਟੀ ਸੁਪਰਡੈਂਟ ਵੀਰੇਂਦਰ ਸਿੰਘ ਨੇ ਫ਼ੋਨ ’ਤੇ ਦਸਿਆ ਕਿ ਅਦਾਲਤ ਨੇ ਚਾਰੇ ਦੋਸ਼ੀਆਂ ਦੀ ਪੁਲਿਸ ਰਿਮਾਂਡ 2 ਦਿਨਾਂ ਲਈ ਵਧਾ ਦਿਤੀ ਹੈ। ਸਰਬਜੀਤ ਸਿੰਘ ਨੂੰ 16 ਅਕਤੂਬਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਅਤੇ ਉਸ ਨੂੰ 7 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜਿਆ ਗਿਆ ਸੀ, ਉੱਥੇ ਹੀ ਤਿੰਨ ਹੋਰ ਨੂੰ 6 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜਿਆ ਗਿਆ ਸੀ। ਮਜ਼ਦੂਰ ਲਖਬੀਰ ਸਿੰਘ ਦਾ ਪਿਛਲੇ ਹਫ਼ਤੇ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ ਅਤੇ ਉਸ ਦੀ ਲਾਸ਼ ਸਿੰਘੂ ਸਰਹੱਦ ਕੋਲ ਇਕ ਬੈਰੀਕੇਡ ਨਾਲ ਲਟਕਾ ਦਿਤੀ ਗਈ ਸੀ। ਉਸ ਦਾ ਹੱਥ ਤੇ ਉਸ ਦੀ ਇਕ ਲੱਤ ਵੱਢ ਦਿਤੀ ਗਈ ਸੀ ਅਤੇ ਉਸ ਦੇ ਸਰੀਰ ’ਤੇ ਜਖਮਾਂ ਦੇ ਕਈ ਨਿਸ਼ਾਨ ਸਨ। (ਏਜੰਸੀ)