
ਕਿਹਾ - ਹੱਥ ਨਾਲ ਦੀਵੇ ਬਣਾਉਣ ਵਾਲਿਆਂ ਤੋਂ ਵੀ ਖ਼ਰੀਦਦਾਰੀ ਕਰੋ ਅਤੇ ਪ੍ਰਸ਼ਾਸਨ ਦਾ ਸਾਥ ਦਿਓ
ਚੰਡੀਗੜ੍ਹ: ਅੱਜ ਦੇਸ਼ ਭਰ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਅੱਜ ਸਵੇਰੇ ਲਾਈਵ ਹੋ ਕੇ ਮੁੱਖ ਮੰਤਰੀ ਮਾਨ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਦੀਵਾਲੀ ਦਾ ਹਰ ਦੀਵਾ ਹਰ ਕਿਸੇ ਦੇ ਘਰ ਤਰੱਕੀ ਅਤੇ ਤੰਦਰੁਸਤੀ ਦੀ ਰੌਸ਼ਨੀ ਲੈ ਕੇ ਆਵੇ। ਇਸ ਦੇ ਨਾਲ ਹੀ ਸੀਐਮ ਮਾਨ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਪ੍ਰਦੂਸ਼ਣ ਬਹੁਤ ਵੱਧ ਰਿਹਾ ਹੈ, ਗਰੀਨ ਦੀਵਾਲੀ ਮਨਾਉਣ ਦੀ ਕੋਸ਼ਿਸ਼ ਕਰੋ, ਬੱਚਿਆਂ ਦਾ ਖਾਸ ਖਿਆਲ ਰੱਖੋ, ਪਟਾਕਿਆਂ ਦੌਰਾਨ ਹਾਦਸਿਆਂ ਤੋਂ ਬਚੋ।
ਉਨ੍ਹਾਂ ਪੰਜਾਬੀਆਂ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਦੀਵਾਲੀ ਮੌਕੇ ਹੱਥਾਂ ਨਾਲ ਦੀਵੇ ਬਣਾਉਣ ਵਾਲਿਆਂ ਤੋਂ ਖ਼ਰੀਦਦਾਰੀ ਕਰੋ ਤਾਂ ਜੋ ਉਨ੍ਹਾਂ ਦੀ ਦੀਵਾਲੀ ਵੀ ਰੌਸ਼ਨ ਹੋ ਸਕੇ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਮੁਸਤੈਦ ਰਹਿਣ ਦੇ ਹੁਕਮ ਦਿਤੇ ਹਨ ਅਤੇ ਸੂਬਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਦਾ ਸਾਥ ਦਿਤਾ ਜਾਵੇ।