
ਕਿਹਾ- ਲਿਫ਼ਟਿੰਗ 'ਚ ਪਟਿਆਲਾ ਜ਼ਿਲ੍ਹਾ ਸੂਬੇ ਭਰ ਵਿੱਚ ਮੋਹਰੀ
ਪਟਿਆਲਾ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸਐਸਪੀ ਡਾ. ਨਾਨਕ ਸਿੰਘ ਨੇ ਅੱਜ ਪਟਿਆਲਾ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਦਾ ਦੌਰਾ ਕੀਤਾ ਅਤੇ ਝੋਨੇ ਦੇ ਚੱਲ ਰਹੇ ਖ਼ਰੀਦ ਪ੍ਰਬੰਧਾਂ ਅਤੇ ਲਿਫ਼ਟਿੰਗ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਦੇ ਨਾਲ ਐਸਡੀਐਮ ਨਾਭਾ ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਆ ਰਹੇ ਝੋਨੇ ਦੀ ਨਾਲੋਂ ਨਾਲ ਖ਼ਰੀਦ ਯਕੀਨੀ ਬਣਾਈ ਜਾ ਰਹੀ ਹੈ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਲਿਫ਼ਟਿੰਗ ਵੀ ਪੂਰੀ ਸਮਰੱਥਾ ਨਾਲ ਕੀਤੀ ਜਾ ਰਹੀ ਹੈ ਤੇ ਆਉਂਦੇ ਦਿਨਾਂ ਵਿੱਚ ਲਿਫ਼ਟਿੰਗ 'ਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਉਹਨਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਹੁਣ 25 ਹਜ਼ਾਰ ਮੀਟ੍ਰਿਕ ਟਨ ਦੀ ਸਮਰੱਥਾ ਨਾਲ ਰੋਜ਼ਾਨਾ ਲਿਫ਼ਟਿੰਗ ਯਕੀਨੀ ਬਣਾਈ ਜਾ ਰਹੀ, ਜਿਸ ਨੂੰ ਹੋਰ ਵੀ ਵਧਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਬਾਰਦਾਨਾ ਵੀ ਲੋੜ ਅਨੁਸਾਰ ਪੂਰਾ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਇਸ ਸਾਉਣੀ ਸੀਜ਼ਨ ਦੌਰਾਨ ਮੰਡੀਆਂ ਵਿੱਚ ਝੋਨੇ ਦੀ ਆਮਦ ਦੇਰੀ ਨਾਲ ਸ਼ੁਰੂ ਹੋਈ ਹੈ ਅਤੇ ਕੁਝ ਹੀ ਦਿਨਾਂ ਅੰਦਰ ਕਾਫ਼ੀ ਮਾਤਰਾ ਵਿੱਚ ਇਕੱਠਾ ਝੋਨਾ ਮੰਡੀਆਂ ਵਿੱਚ ਆਇਆ ਹੈ ਜਿਸ ਦੀ ਲਿਫ਼ਟਿੰਗ ਵੀ ਹੁਣ ਉਸੇ ਰਫ਼ਤਾਰ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੇ ਅੰਨਦਾਤਾ ਕਿਸਾਨ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਸਮੁੱਚਾ ਪ੍ਰਸ਼ਾਸਨ ਮੰਡੀਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਏਡੀਸੀਜ਼ ਤੇ ਐਸਡੀਐਮਜ਼ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਤਾਇਨਾਤ ਹਨ।
ਡਾ. ਪ੍ਰੀਤੀ ਯਾਦਵ ਨੇ ਹਾਜ਼ਰ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਇਨਸੀਟੂ ਤੇ ਐਕਸ ਸੀਟੂ ਤਕਨੀਕਾਂ ਅਪਣਾਉਂਦੇ ਹੋਏ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਤਾਂ ਜੋ ਆਪਾਂ ਸਾਰੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦੇ ਸਕੀਏ।
ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪਰਾਲੀ ਪ੍ਰਬੰਧਨ ਲਈ ਨਵੀਨਤਮ ਤਕਨੀਕਾਂ ਅਪਣਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਸਰਹਾਨਾ ਕੀਤੀ ਜਾ ਰਹੀ ਹੈ। ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸਐਸਪੀ ਡਾ. ਨਾਨਕ ਸਿੰਘ ਵੱਲੋਂ ਭਾਦਸੋਂ ਅਨਾਜ ਮੰਡੀ, ਹੱਲਾ ਤੇ ਪਾਲੀਆਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ।