
ਦਿੱਲੀ, ਗੁਜਰਾਤ 'ਚ ਕੋਵਿਡ-19 ਬਾਰੇ ਹਾਲਾਤ ਵਿਗੜੇ, ਕੇਂਦਰ ਅਤੇ ਸੂਬਾ ਸਰਕਾਰਾਂ ਰੀਪੋਰਟ ਦੇਣ: ਅਦਾਲਤ
ਨਵੀਂ ਦਿੱਲੀ, 23 ਨਵੰਬਰ : ਸੁਪਰੀਮ ਕੋਰਟ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਗੁਜਰਾਤ ਜਿਹੇ ਸਥਾਨਾਂ ਉੱਤੇ ਕੋਵਿਡ-19 ਸਬੰਧੀ ਹਾਲਾਤ ਖ਼ਰਾਬ ਹੋਏ ਹਨ।
ਇਸ ਦੇ ਨਾਲ ਹੀ, ਅਦਾਲਤ ਨੇ ਕੇਂਦਰ ਸਰਕਾਰ ਅਤੇ ਸਾਰੀਆਂ ਰਾਜ ਸਰਕਾਰਾਂ ਨੂੰ ਦੋ ਦਿਨਾਂ ਦੇ ਅੰਦਰ ਇਕ ਸਥਿਤੀ ਰੀਪੋਰਟ ਪੇਸ਼ ਕਰ ਕੇ ਵਿਸਤਾਰ ਵਿਚ ਦਸਣ ਨੂੰ ਕਿਹਾ ਕਿ ਮੌਜੂਦਾ ਸਮੇਂ ਕੋਰੋਨਾ ਵਾਇਰਸ ਸਬੰਧੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਨੇ ਕੀ ਕਦਮ ਚੁੱਕੇ ਹਨ।
ਅਦਾਲਤ ਨੇ ਕਿਹਾ ਕਿ ਕੋਵਿਡ -19 ਦੀ ਸਥਿਤੀ ਗੁਜਰਾਤ ਵਿਚ ਵਿਗੜ ਗਈ ਹੈ ਅਤੇ ਕਾਬੂ ਤੋਂ ਬਾਹਰ ਹੋ ਰਹੀ ਹੈ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ ਬੈਂਚ ਨੇ ਦਿੱਲੀ ਸਰਕਾਰ ਵਲੋਂ ਪੇਸ਼ ਵਧੀਕ ਸਾਲਿਸਿਟਰ ਜਨਰਲ ਸੰਜੇ ਜੈਨ ਨੂੰ ਕਿਹਾ ਕਿ ਦਿੱਲੀ ਵਿਚ ਸਥਿਤੀ ਬਹੁਤ ਖ਼ਰਾਬ ਹੈ, ਖ਼ਾਸਕਰ ਨਵੰਬਰ ਦੇ ਮਹੀਨੇ ਵਿਚ। ਤੁਹਾਨੂੰ ਸਥਿਤੀ ਦੀ ਰੀਪੋਰਟ ਸੌਂਪਣੀ ਚਾਹੀਦੀ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਇਸ ਸਬੰਧ ਵਿਚ ਕੀ ਕਦਮ ਚੁੱਕੇ ਗਏ ਹਨ।
ਜਸਟਿਸ ਆਰ. ਐੱਸ. ਰੈਡੀ ਅਤੇ ਜਸਟਿਸ ਐਮ.ਆਰ. ਸ਼ਾਹ ਵੀ ਬੈਂਚ ਦਾ ਇਕ ਹਿੱਸਾ ਹਨ। ਬੈਂਚ ਨੇ ਕੇਂਦਰ ਅਤੇ ਰਾਜਾਂ ਨੂੰ ਕੋਵਿਡ -19 ਦੇ ਵੱਧ ਰਹੇ ਕੇਸਾਂ ਨਾਲ ਨਜਿੱਠਣ ਅਤੇ ਸਥਿਤੀ ਵਿਚ ਸੁਧਾਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ।
ਸੁਪਰੀਮ ਕੋਰਟ ਇਕ ਕੇਸ ਦੀ ਸੁਣਵਾਈ ਕਰ ਰਹੀ ਸੀ ਜਿਸ ਵਿਚ ਉਸ ਨੇ ਕੋਵਿਡ -19 ਦੇ ਮਰੀਜ਼ਾਂ ਨੂੰ ਸਹੀ ਇਲਾਜ ਦੇਣ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲਾਂ ਵਿਚ ਸਤਿਕਾਰਤ ਢੰਗ ਨਾਲ ਰੱਖਣ ਦਾ ਨੋਟਿਸ ਲਿਆ ਸੀ। ਇਸ ਦੇ ਨਾਲ ਹੀ ਅਦਾਲਤ ਨੇ ਕੇਸ ਦੀ ਸੁਣਵਾਈ 27 ਨਵੰਬਰ ਤਕ ਮੁਲਤਵੀ ਕਰ ਦਿਤੀ। (ਪੀਟੀਆਈ)