
ਆਖ਼ਰ ਦੋ ਮਹੀਨੇ ਬਾਅਦ ਪੰਜਾਬ 'ਚ ਰੇਲ ਗੱਡੀਆਂ ਆਈਆਂ ਪਟੜੀ 'ਤੇ
ਬਾਅਦ ਦੁਪਹਿਰ ਦੋ ਮਾਲ ਗੱਡੀਆਂ ਨਾਲ ਹੋਈ ਸ਼ੁਰੂਆਤ
ਚੰਡੀਗੜ੍ਹ, 23 ਨਵੰਬਰ (ਗੁਰਉਪਦੇਸ਼ ਭੁੱਲਰ) : ਪਿਛਲੇ ਲਗਭਗ ਦੋ ਮਹੀਨਿਆਂ ਤੋਂ ਬੰਦ ਪਈ ਰੇਲ ਸੇਵਾ ਅੱਜ ਮੁੜ ਸ਼ੁਰੂ ਹੋ ਗਈ ਹੈ। ਉੱਤਰੀ ਰੇਲਵੇ ਨੇ ਪੰਜਾਬ ਵਿੱਚ ਰੇਲ ਮਾਰਗਾਂ ਦੀ ਜਾਂਚ ਆਰੰਭ ਕਰਨ ਤੋਂ ਬਾਅਦ ਰੇਲਾਂ ਨੂੰ ਚਾਲੂ ਕਰਨ ਦੇ ਆਦੇਸ਼ ਜਾਰੀ ਕਰ ਦਿਤੇ ਹਨ, ਜਿਸ ਤਹਿਤ ਦਿੱਲੀ ਤੋਂ ਜਾਖਲ ਹੋ ਕੇ ਮਾਨਸਾ ਰਾਹੀਂ ਇਕ ਮਾਲ ਗੱਡੀ ਕੋਲਾ ਲੈ ਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਵਿਚ ਪੁੱਜ ਗਈ ਹੈ।
ਉੱਤਰੀ ਰੇਲਵੇ ਵਲੋਂ ਰੇਲ ਮਾਰਗਾਂ ਦੀ ਜਾਂਚ ਉਪਰੰਤ ਦਿਤੀ ਰੇਲਾਂ ਚਲਾਉਣ ਦੀ ਹਰੀ ਝੰਡੀ ਤਹਿਤ ਇਹ ਟਰੇਨਾਂ ਆਰੰਭ ਹੋਈਆਂ ਹਨ। ਫ਼ਿਰੋਜ਼ਪੁਰ ਦੇ ਡੀਆਰਐਮ ਰਾਜੇਸ਼ ਅਗਰਵਾਲ ਨੇ ਦਸਿਆ ਕਿ ਪੰਜਾਬ ਵਿਚ ਮੁਸਾਫ਼ਰ ਗੱਡੀਆਂ ਵੀ ਸ਼ੁਰੂ ਹੋ ਗਈਆਂ ਹਨ ਜਿਸ ਤਹਿਤ ਅੱਜ ਸ਼ਾਮ ਨੂੰ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਮੁਸਾਫ਼ਰ ਗੱਡੀ ਚਲਾਈ ਜਾ ਰਹੀ ਹੈ। ਇਸ ਤੋਂ ਬਾਅਦ ਉੱਤਰੀ ਰੇਲਵੇ ਨੇ ਅੱਜ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਹਨ।
ਇਸੇ ਦੌਰਾਨ ਮੁੰਦਰਾ ਗੁਜਰਾਤ ਤੋਂ ਲਗਭਗ ਸੱਤਰ ਹਜ਼ਾਰ ਗੱਟੇ ਯੂਰੀਆ ਖਾਦ ਲੈ ਕੇ ਇਕ ਮਾਲ ਗੱਡੀ ਮਾਨਸਾ ਪਹੁੰਚੀ। ਇਸ ਤੋਂ ਇਲਾਵਾ ਯਾਤਰੀ ਗੱਡੀਆਂ ਚੰਡੀਗੜ੍ਹ ਵੀ ਪਹੁੰਚੀਆਂ।
ਉਧਰੋਂ ਜਲੰਧਰ ਤੋਂ ਇਕ ਗੱਡੀ ਚੱਲ ਕੇ ਅੰਬਾਲਾ ਵਲ ਰਵਾਨਾ ਹੋਈ। ਇਸ ਦੇ ਨਾਲ ਹੀ ਜੰਮੂ ਤੋਂ ਚੱਲ ਕੇ ਗੱਡੀਆਂ ਜਲੰਧਰ ਵੀ ਪਹੁੰਚੀਆਂ।
ਸੂਬੇ 'ਚੋਂ ਵੱਖ-ਵੱਖ ਥਾਵਾਂ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਕਈ ਥਾਵਾਂ 'ਤੇ ਮਾਲ ਗੱਡੀਆਂ 'ਚ ਝੋਨਾ ਵੀ ਲੋਡ ਹੋ ਰਿਹਾ ਹੈ ਜਿਹੜੀਆਂ ਇਕ-ਦੋ ਦਿਨ 'ਚ ਪੰਜਾਬ ਤੋਂ ਰਵਾਨਾ ਹੋ ਜਾਣਗੀਆਂ। ਇਹ ਵੀ ਖ਼ਬਰ ਮਿਲੀ ਹੈ ਕਿ ਲੁਧਿਆਣਾ ਤੋਂ 150 ਕੰਟੇਨਰ ਵੀ ਦਿੱਲੀ ਵਲ ਭੇਜੇ ਗਏ ਹਨ। ਇਸ ਤਰ੍ਹਾਂ ਪੰਜਾਬ ਦੀਆਂ ਰੇਲ ਪਟੜੀਆਂ 'ਤੇ ਬਾਅਦ ਦੁਪਹਿਰ ਰੇਲਾਂ ਦੌੜਨੀਆਂ ਸ਼ੁਰੂ ਹੋ ਗਈਆਂ ਸਨ।
ਦਿਨ ਭਰ ਅਧਿਕਾਰੀ ਰੇਲਵੇ ਸਟੇਸ਼ਨ ਤੇ ਪਟੜੀਆਂ ਦਾ ਲੈਂਦੇ ਰਹੇ ਜਾਇਜ਼ਾ
ਕਿਸਾਨ ਅੰਦੋਲਨ ਦੇ ਚਲਦਿਆਂ ਪਿਛਲੇ ਲੰਮੇ ਸਮੇਂ ਤੋਂ ਸੂਬੇ 'ਚ ਬੰਦ ਪਈ ਰੇਲ ਸੇਵਾ ਅੱਜ ਬਹਾਲ ਹੋਣ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀ ਖ਼ਾਸ ਕਰ ਕੇ ਪੁਲਿਸ ਅਧਿਕਾਰੀ ਦਿਨ ਭਰ ਰੇਲਵੇ ਸਟੇਸ਼ਨਾਂ ਤੇ ਪਟੜੀਆਂ ਦਾ ਜਾਇਜ਼ਾ ਲੈਂਦੇ ਰਹੇ। ਵੱਖ-ਵੱਖ ਥਾਵਾਂ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀਆਂ ਨੇ ਅਪਣੇ ਹੇਠਲੇ ਅਧਿਕਾਰੀਆਂ ਅਤੇ ਰੇਲਵੇ ਪੁਲਿਸ ਨਾਲ ਮਿਲ ਕੇ ਬਕਾਇਦਾ ਰੇਲਵੇ ਪਟੜੀਆਂ ਦਾ ਜਾਇਜ਼ਾ ਲਿਆ। ਕਈ ਥਾਵਾਂ 'ਤੇ ਰੇਲਵੇ ਵਲੋਂ ਮੇਨਟੈਂਸ ਗੱਡੀਆਂ ਨਾਲ ਪਟੜੀਆਂ ਦੀ imageਛਾਣਬੀਣ ਵੀ ਕੀਤੀ ਗਈ।