
ਡੇਰਾ ਪ੍ਰੇਮੀ ਦਾ ਕਤਲ: ਡੀਜੀਪੀ ਵਲੋਂ ਮਾਲਵੇ ਦੇ ਐਸ.ਐਸ.ਪੀਜ਼ ਨਾਲ ਉਚੇਚੀ ਬੈਠਕ
ਡੇਰਾ ਪ੍ਰੇਮੀਆਂ ਵਲੋਂ ਲਗਾਤਾਰ ਤੀਜੇ ਦਿਨ ਵੀ ਧਰਨਾ ਜਾਰੀ
ਬਠਿੰਡਾ, 23 ਨਵੰਬਰ (ਸੁਖਜਿੰਦਰ ਮਾਨ) : ਤਿੰਨ ਦਿਨ ਪਹਿਲਾਂ ਜ਼ਿਲ੍ਹੇ ਦੇ ਕਸਬਾ ਭਗਤਾ ਭਾਈ ਵਿਖੇ ਬੇਦਅਬੀ ਕਾਂਡ 'ਚ ਫਸੇ ਡੇਰਾ ਪ੍ਰੇਮੀ ਦੇ ਪਿਤਾ ਦੇ ਦਿਨ-ਦਿਹਾੜੇ ਹੋਏ ਕਤਲ ਦੇ ਮਾਮਲੇ ਵਿਚ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਬਠਿੰਡਾ ਪੁੱਜੇ। ਸਥਾਨਕ ਥਰਮਲ ਦੇ ਲੇਕ ਵਿਊ ਰੈਸਟ ਹਾਊਸ ਵਿਚ ਉਨ੍ਹਾਂ ਮਾਲਵਾ ਪੱਟੀ ਦੇ ਕਰੀਬ ਅੱਧੀ ਦਰਜਨ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਨਾਲ ਕਰੀਬ ਤਿੰਨ ਘੰਟੇ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਕੇਸ ਨੂੰ ਹੱਲ ਕਰਨ ਲਈ ਅਗਲੀ ਰਣਨੀਤੀ ਨੂੰ ਤੈਅ ਕੀਤਾ ਗਿਆ। ਦੂਜੇ ਪਾਸੇ ਡੇਰਾ ਪ੍ਰੇਮੀਆਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਸਲਾਬਤਪੁਰਾ ਵਿਖੇ ਧਰਨਾ ਜਾਰੀ ਰਖਿਆ ਗਿਆ। ਡੇਰਾ ਪ੍ਰੇਮੀਆਂ ਮੁਤਾਬਕ ਇਸ ਵਾਰ ਬਿਨਾਂ ਮੰਗਾਂ ਪੂਰੀਆਂ ਕੀਤੇ ਮ੍ਰਿਤਕ ਮਨੋਹਰ ਲਾਲ ਦਾ ਅੰਤਮ ਸਸਕਾਰ ਨਹੀਂ ਕੀਤਾ ਜਾਵੇਗਾ।
ਲਗਾਤਾਰ ਦੋ ਦਿਨਾਂ ਤੋਂ ਐਸ.ਐਸ.ਪੀ ਅਤੇ ਹੋਰਨਾਂ ਅਧਿਕਾਰੀਆਂ ਦੁਆਰਾ ਡੇਰਾ ਕਮੇਟੀ ਮੈਂਬਰਾਂ ਨਾਲ ਕੀਤੀ ਜਾ ਰਹੀ ਮੀਟਿੰਗ ਵਿਚ ਕੋਈ ਪ੍ਰਗਤੀ ਨਹੀਂ ਹੋਈ। ਦੂਜੇ ਪਾਸੇ ਪੁਲਿਸ ਵਿਭਾਗ ਦੇ ਉਚ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਥਿਤ ਕਾਤਲਾਂ ਵਿਚੋਂ ਇੱਕ ਅਮਨੇ ਨਾਮਕ ਸ਼ੱਕੀ ਦੀ ਸਨਾਖ਼ਤ ਕਰ ਲਈ ਗਈ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ। ਜਦਂੋਕਿ ਦੂਜੇ ਕਥਿਤ ਕਾਤਲ ਹਰਜਿੰਦਰ ਦੀ ਸ਼ਨਾਖ਼ਤ ਲਈ ਇਕ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਸ਼ੱਕ ਦੇ ਘੇਰੇ ਵਿਚ ਰੱਖ ਕੇ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਇਸ ਕੇਸ ਨੂੰ ਅਤਿ ਗੰਭੀਰਤਾ ਨਾਲ ਲੈ ਰਹੀ ਹੈ, ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਗੈਗਸਟਰਾਂ ਅਤੇ ਗਰਮਖਿਆਲੀਆਂ ਦੇ ਅਸਿੱਧੇ ਗਠਜੋੜ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਗੈਂਗਸਟਰਾਂ ਵਲੋਂ ਅਪਣੀ ਭੂਮਿਕਾ ਬਦਲਦੇ ਹੋਏ ਗਰਮਖਿਆਲੀਆਂ ਤੇ ਸਿੱਖਾਂ ਦੀ ਹਮਦਰਦੀ ਲੈਣ ਲਈ ਇੰਨ੍ਹਾਂ ਕਾਰਵਾਈਆਂ ਨੂੰ ਅੰਜਾਮ ਦਿਤਾ ਜਾ ਰਿਹਾ। ਹਾਲਾਂਕਿ ਇਸ ਕੇਸ ਵਿਚ ਹਾਲੇ ਤਕ ਗੈਂਗਸਟਰਾਂ ਤੇ ਗਰਮਖਿਆਲੀਆਂ ਦੀ ਸਾਂਝ ਸਾਹਮਣੇ ਨਹੀਂ ਆਈ ਪ੍ਰੰਤੂ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਾਤਲਾਂ ਦੇ ਹਿਰਾਸਤ ਵਿਚ ਆਉਣ ਤਕ ਕੁੱਝ ਨਹੀਂ ਕਿਹਾ ਜਾ ਸਕਦਾ। ਉਧਰ ਅੱਜ ਡੀਜੀਪੀ ਵਲੋਂ ਕੀਤੀ ਮੀਟਿੰਗ ਵਿਚ ਏਡੀਜੀਪੀ ਅੰਦਰੂਨੀ ਸੁਰੱਖਿਆ, ਬਠਿੰਡਾ ਰੇਂਜ ਦੇ ਆਈ.ਜੀ ਜਸਕਰਨ ਸਿੰਘ, ਫ਼ਰੀਦਕੋਟ ਰੇਂਜ ਦੇ ਆਈ.ਜੀ ਤੋਂ ਇਲਾਵਾ ਬਠਿੰਡਾ ਦੇ ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ, ਐਸ.ਐਸ.ਪੀ ਫ਼ਰੀਦਕੋਟ, ਗੋਮਾ, ਲੁਧਿਆਣਾ ਦਿਹਾਤੀ, ਬਰਨਾਲਾ ਅਤੇ ਸੰਗਰੂਰ ਆਦਿ ਸ਼ਾਮਲ ਸਨ।
ਸੂਤਰਾਂ ਮੁਤਾਬਕ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲਾ ਸੁੱਖਾ ਲੰਮੇਪੁਰ ਲੁਧਿਆਣਾ ਦਿਹਾਤੀ ਦੇ ਥਾਣਾ ਹਠੂਰ ਅਧੀਨ ਰਹਿੰਦਾ ਹੈ। ਇਸੇ ਤਰ੍ਹਾਂ ਇਸ ਗੈਂਗ ਦੀ ਕੁੱਝ ਸਮਾਂ ਪਹਿਲਾਂ ਮੋਗਾ ਦੇ ਇਕ ਵਪਾਰੀ ਨੂੰ ਕਤਲ ਕਰਨ ਦੀ ਘਟਨਾ ਨੂੰ ਅੰਜਾਮ ਦਿਤਾ ਸੀ। ਸੂਤਰਾਂ ਮੁਤਾਬਕ ਇਸ ਗੈਂਗ ਵਿਚ ਅਸਿੱਧੇ ਜਾਂ ਸਿੱਧੇ ਤੌਰ 'ਤੇ ਜੁੜੇ ਇਕ ਦਰਜਨ ਦੇ ਕਰੀਬ ਨੌਜਵਾਨ ਮਾਲਵਾ ਪੱਟੀ ਦੇ ਉਕਤ ਜ਼ਿਲ੍ਹਿਆਂ ਵਿਚ ਰਹਿੰਦੇ ਹਨ। ਜਿਨ੍ਹਾਂ ਨੂੰ ਕਾਬੂ ਕਰਨ ਲਈ ਸਮੂਹਿਕ ਰਣਨੀਤੀ ਤਿਆਰ ਕਰਨ ਵਾਸਤੇ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਨੂੰ ਬੁਲਾਇਆ ਗਿਆ ਸੀ।