
ਕਿਸਾਨ ਜਥੇਬੰਦੀਆਂ ਵਲੋਂ 'ਦਿੱਲੀ ਫ਼ਤਿਹ' ਦੀਆਂ ਤਿਆਰੀਆਂ ਜ਼ੋਰਾਂ ਨਾਲ
ਬੀਬੀਆਂ ਅੰਦਰ ਵੀ ਅੰਤਾਂ ਦਾ ਜੋਸ਼
ਚੰਡੀਗੜ੍ਹ, 23 ਨਵੰਬਰ (ਨੀਲ ਭਲਿੰਦਰ) : ਕੇਂਦਰ ਦੇ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿਲ 2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਾਉਣ ਲਈ 26-27 ਨਵੰਬਰ ਨੂੰ ਦਿੱਲੀ ਚਲੋ ਦੀ ਜ਼ੋਰਦਾਰ ਤਿਆਰੀ ਲਈ ਭਾਕਿਯੂ (ਏਕਤਾ ਉਗਰਾਹਾਂ) ਵਲੋਂ 'ਪਿੰਡ ਜਗਾਉ, ਪਿੰਡ ਹਿਲਾਉ ਮੁਹਿੰਮ' ਦੌਰਾਨ ਅੱਜ ਤੀਜੇ ਦਿਨ ਵੀ 12 ਜ਼ਿਲ੍ਹਿਆਂ ਦੇ ਹੋਰ 318 ਪਿੰਡਾਂ ਵਿਚ ਔਰਤ ਮੁਜ਼ਾਹਰੇ, ਨੁੱਕੜ ਨਾਟਕ, ਝੰਡਾ ਮਾਰਚ ਤੇ ਮਸ਼ਾਲ ਮਾਰਚ ਕੀਤੇ ਗਏ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ ਪਿੰਡਾਂ ਅੰਦਰ ਕਿਸਾਨਾਂ ਮਜ਼ਦੂਰਾਂ ਖ਼ਾਸ ਕਰ ਕੇ ਨੌਜਵਾਨਾਂ ਤੇ ਔਰਤਾਂ ਵਿਚ ਮੋਦੀ ਭਾਜਪਾ ਹਕੂਮਤ ਵਿਰੁਧ ਅੰਤਾਂ ਦਾ ਰੋਹ ਅਤੇ ਦਿੱਲੀ ਚਲੋ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਿਨ-ਰਾਤ ਇਕ ਕਰ ਰਹੀਆਂ ਤਿਆਰੀ ਟੀਮਾਂ ਨੂੰ ਲੋਕਾਂ ਵਲੋਂ ਸੰਘਰਸ਼ ਫ਼ੰਡ, ਰਾਸ਼ਨ/ਬਾਲਣ ਅਤੇ ਕੰਬਲ ਵਗੈਰਾ ਵੀ ਦਿਲ ਖੋਲ੍ਹ ਕੇ ਦਿਤੇ ਜਾ ਰਹੇ ਹਨ। ਬਸਾਂ, ਟਰੱਕਾਂ ਤੇ ਤਰਪਾਲ ਛੱਤਾਂ ਵਾਲੀਆਂ ਟਰਾਲੀਆਂ ਦੇ ਇੰਤਜ਼ਾਮ ਸੈਂਕੜਿਆਂ ਦੀ ਗਿਣਤੀ ਵਿਚ ਕੀਤੇ ਜਾ ਚੁੱਕੇ ਹਨ ਅਤੇ ਹੋਰ ਵੀ ਕੀਤੇ ਜਾ ਰਹੇ ਹਨ। 26 ਨਵੰਬਰ ਨੂੰ 12 ਵਜੇ ਤਕ ਇਕੱਠੇ ਹੋ ਕੇ ਦਿੱਲੀ ਵਲ ਕੂਚ ਕਰਨ ਲਈ ਮਿਥੀਆਂ ਗਈਆਂ ਥਾਂਵਾਂ ਡੱਬਵਾਲੀ ਤੇ ਖਨੌਰੀ ਵਿਖੇ ਦੋ ਲੱਖ ਦੀ ਗਿਣਤੀ ਦਾ ਟੀਚਾ ਵਧਣ ਦੇ ਅੰਦਾਜ਼ੇ ਬਣ ਰਹੇ ਹਨ।
ਪੰਜਾਬ ਭਰ ਦੀਆਂ ਤਿਆਰੀਆਂ ਦੇ ਠੋਸ ਜਾਇਜ਼ੇ 24 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾਈ ਪ੍ਰੈੱਸ ਕਾਨਫ਼ਰੰਸ ਵਿਚ ਨਸ਼ਰ ਕੀਤੇ ਜਾਣਗੇ।
ਜਥੇਬੰਦੀ ਵਲੋਂ ਹਰਿਆਣਾ ਸਰਕਾਰ ਨੂੰ ਈਮੇਲ ਰਾਹੀਂ ਲਿਖਤੀ ਅਪੀਲ 20 ਨਵੰਬਰ ਨੂੰ ਭੇਜ ਕੇ ਮੰਗ ਕੀਤੀ ਗਈ ਹੈ ਕਿ 26 ਨੂੰ ਡੱਬਵਾਲੀ ਤੇ ਖਨੌਰੀ ਤੋਂ ਦਿੱਲੀ ਜਾਣ ਵਾਲੇ ਸ਼ਾਂਤਮਈ ਕਿਸਾਨ ਕਾਫ਼ਲਿਆਂ ਨੂੰ ਹਰਿਆਣੇ ਵਿਚ ਦੀ ਬੇਰੋਕ-ਟੋਕ ਲੰਘਣ ਦਿਤਾ ਜਾਵੇ।
ਪੰਜਾਬ ਦੀ ਆਰਥਕ ਤੌਰ 'ਤੇ ਨਾਕਾਬੰਦੀ ਲਈ ਕੇਂਦਰ ਦੀ ਸਰਕਾਰ ਜ਼ਿੰਮੇਵਾਰ : ਪੰਨੂੰ, ਪੰਧੇਰ
ਕੋਰੋਨਾ ਦੇ ਨਾਮ 'ਤੇ ਅੰਦੋਲਨ ਨੂੰ ਖ਼ਤਮ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਾਂਗੇ
ਅੰਮ੍ਰਿਤਸਰ, 23 ਨਵੰਬਰ (ਸੁਰਜੀਤ ਸਿੰਘ ਖ਼ਾਲਸਾ) : ਮੁੱਖ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਆਈ ਜੀ ਬਾਰਡਰ ਜ਼ੋਨ ਮੁਤਾਬਿਕ 25 ਨਵੰਬਰ ਨੂੰ ਹੋਵੇਗੀ ਜਿਸ ਬਾਰੇ ਅੱਜ ਚਿਠੀ ਮਿਲੇਗੀ। ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਪ੍ਰਧਾਨ ਸ. ਸਤਨਾਮ ਸਿੰਘ ਪੰਨੂ, ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਗੁਰਬਚਨ ਸਿੰਘ ਚੱਬਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਦੇ ਲੋਕਾਂ ਨੂੰ ਆ ਰਹੀ ਸਮਸਿਆ ਲਈਂ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ। ਮੋਦੀ ਸਰਕਾਰ ਕਲ ਨੂੰ ਸਾਰੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰ ਕੇ ਕੋਰੋਨਾ ਦੇ ਨਾਮ 'ਤੇ ਜੋ ਪਾਬੰਦੀਆਂ ਸੂਬਿਆਂ ਦੇ ਸਿਰ ਮੜ੍ਹੇਗੀ ਜਥੇਬੰਦੀ ਉਸ ਨੂੰ ਨਹੀਂ ਮੰਨੇਗੀ ਅਤੇ ਨਾ ਹੀ ਅੰਦੋਲਨ ਦਾ ਕੋਈ ਨੁਕਸਾਨ ਹੋਣ ਦਿਆਂਗੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਵਿਚ ਮੀਟਿੰਗਾਂ ਕਰ ਕੇ ਤਿਆਰੀਆਂ ਕੀਤੀਆਂ ਗਈਆਂ ਕਿਸਾਨਾਂ-ਮਜ਼ਦੂਰਾਂ ਨੇ ਆਰ-ਪਾਰ ਦੀ ਲੜਾਈ ਲੜਨ ਲਈ ਮਨ ਬਣਾ ਲਿਆ ਹੈ ਅਤੇ ਅਪਣਾ ਸਾਜੋ ਸਮਾਨ ਬਿਸਤਰੇ ਕਪੜੇ ਲੰਗਰ ਟਰਾਲੀਆਂ ਆਦਿ ਤਿਆਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਤੋਂ ਜਥੇਬੰਦੀ ਦਾ ਪਹਿਲਾ ਵੱਡਾ ਜਥਾ 26 ਨਵੰਬਰ ਨੂੰ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ। ਲਖਵਿੰਦਰ ਸਿੰਘ ਵਰਿਆਮ ਨੰਗਲ, ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ ਬੱਗਾ ਵਲੋਂ ਮੀਟਿੰਗਾਂ ਕਰਵਾ ਕੇ ਤਿਆਰੀ ਕਰਵਾਈ ਹੈ। ਪੰਜਾਬ ਦੀਆਂ ਮੰਗਾਂ ਸਬੰਧੀ ਕੈਪਟਨ ਨਾਲ ਅੱਜ ਦੀ ਮੀਟਿੰਗ ਮੁਲਤਵੀ ਹੋ ਗਈ ਹੈ। ਜੰਡਿਆਲਾ ਗੁਰੂ ਰੇਲ ਰੋਕੋ ਮੋਰਚਾ 61ਵੇਂ ਦਿਨ ਵਿਚ ਦਾਖ਼ਲ ਹੋਣ 'ਤੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੋਰਚਾ ਕਿਸਾਨਾਂ ਦੇ ਮਸਲੇ ਹੱਲ ਹੋਣ ਤਕ ਜਾਰੀ ਰਹੇਗਾ। ਜਥੇਬੰਦੀ ਦੇ ਫੈਸਲੇ ਅਨੁਸਾਰ ਜਥੇਬੰਦੀ ਕੇਵਲ ਮਾਲ ਗੱਡੀਆਂ ਨੂੰ ਹੀ ਲਾਂਘਾ ਦੇਵੇਗੀ।
ਇਸ ਮੌਕੇ ਇੰਦਰਜੀਤ ਸਿੰਘ ਕਲੀਵਾimageਲ, ਰਣਬੀਰ ਸਿੰਘ ਰਾਣਾ, ਅਮਨਦੀਪ ਸਿੰਘ ਕਚੜਭੰਨ, ਬਲਵਿੰਦਰ ਸਿੰਘ ਲਹੁਕਾ, ਖਲਾਰਾ ਸਿੰਘ ਫ਼ਿਰੋਜ਼ਪੁਰ, ਸੁਰਿੰਦਰ ਸਿੰਘ ਘੁਦੂਵਾਲਾ, ਮਹਿਤਾਬ ਸਿੰਘ, ਨਿਰਮਲ ਸਿੰਘ ਪੂਭੇਵਾਲਾ, ਰਣਜੀਤ ਸਿੰਘ ਖਚਰਵਾਲਾ, ਸਾਬ ਸਿੰਘ ਦੀਨਕੇ ਆਦਿ ਆਗੂਆਂ ਨੇ ਸੰਬੋਧਨ ਕੀਤਾ।