ਪਤੀ ਈਸ਼ਰ ਸਿੰਘ ਨੇ ਵੀ 15 ਸਾਲ ਤੱਕ ਨਿਭਾਈ ਗੁਰੂ ਘਰ ਦੀ ਨਿਸ਼ਕਾਮ ਸੇਵਾ
ਅੰਮ੍ਰਿਤਸਰ -ਦੇਸ਼ ਦੀ ਵੰਡ ਉਪਰੰਤ ਪਾਕਿਸਤਾਨ ਦੇ ਸੰਘੀ ਸ਼ਾਸਿਤ ਕਬਾਇਲੀ ਇਲਾਕੇ (ਫਾਟਾ) ਤੋਂ ਸ੍ਰੀ ਨਨਕਾਣਾ ਸਾਹਿਬ 'ਚ ਵਸੇ ਬੀਬੀ ਤਰਨ ਕੌਰ ਪਤਨੀ ਈਸ਼ਰ ਸਿੰਘ ਵੱਲੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਲੰਗਰ ਤੇ ਕੜਾਹ ਪ੍ਰਸ਼ਾਦ (ਦੇਗ) ਦੀ ਸੇਵਾ ਸ਼ੁਰੂ ਕੀਤੀ ਗਈ, ਜੋ 50 ਵਰ੍ਹਿਆ ਤੋਂ ਵਧੇਰੇ ਸਮਾਂ ਬੀਤਣ ਦੇ ਬਾਅਦ ਵੀ ਨਿਰਵਿਘਨ ਕਰ ਰਹੇ ਹਨ।
ਵੰਡ ਉਪਰੰਤ ਸ੍ਰੀ ਨਨਕਾਣਾ ਸਾਹਿਬ 'ਚ ਵਸਣ ਵਾਲੇ ਸਵ: ਈਸ਼ਰ ਸਿੰਘ ਦਾ ਪਰਿਵਾਰ ਪਹਿਲਾ ਸਿੱਖ ਪਰਿਵਾਰ ਸੀ, ਇਸ ਪਰਿਵਾਰ ਨੇ ਮੌਜੂਦਾ ਸਮੇਂ ਪਾਕਿਸਤਾਨ ਦੀ ਰਾਜਨੀਤਿਕ ਸੱਤਾ, ਪੁਲਿਸ ਪ੍ਰਸ਼ਾਸਨ, ਸੈਨਾ, ਸਿਹਤ ਸੇਵਾਵਾਂ ਤੇ ਵਿਦਿਆ ਦੇ ਖੇਤਰ 'ਚ ਵਿਸ਼ੇਸ਼ ਉਪਲੱਬਧੀਆਂ ਦਰਜ ਕਰਾਈਆਂ ਹਨ। ਇਸ ਸਬੰਧੀ ਈਸ਼ਰ ਸਿੰਘ ਦੇ ਪੁੱਤਰ ਕਲਿਆਣ ਸਿੰਘ ਨੇ ਦੱਸਿਆ ਕਿ ਮੁੰਬਈ ਤੋਂ ਅਫ਼ਗ਼ਾਨਿਸਤਾਨ ਦੇ ਸਰਹੱਦੀ ਇਲਾਕੇ 'ਚ ਆਬਾਦ ਹੋਏ ਰਤਨ ਸਿੰਘ ਦੇ ਗ੍ਰਹਿ ਵਿਖੇ 1913 'ਚ ਈਸ਼ਰ ਸਿੰਘ ਦਾ ਜਨਮ ਹੋਇਆ। ਜਦੋਂ ਵੰਡ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਫਾਟਾ 'ਚ ਰਹਿ ਰਿਹਾ ਸੀ।
ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ 1969 'ਚ ਉਹ ਸ੍ਰੀ ਨਨਕਾਣਾ ਸਾਹਿਬ 'ਚ ਪੱਕੇ ਤੌਰ 'ਤੇ ਵੱਸ ਗਏ। ਪ੍ਰੋ. ਕਲਿਆਣ ਸਿੰਘ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੇ ਸ੍ਰੀ ਨਨਕਾਣਾ ਸਾਹਿਬ ਪਹੁੰਚਣ ਤੋਂ ਪਹਿਲਾਂ ਸਿਰਫ਼ ਗਿਆਨੀ ਪ੍ਰਤਾਪ ਸਿੰਘ ਇਕੱਲੇ ਉਥੇ ਆਬਾਦ ਸਨ। ਈਸ਼ਰ ਸਿੰਘ ਨੇ ਕਲਿਆਣ ਸਿੰਘ ਨਾਲ ਗੁਰੂ ਘਰ ਦੀ ਸੇਵਾ ਸ਼ੁਰੂ ਕਰ ਦਿੱਤੀ ਤੇ 15 ਸਾਲ ਤੱਕ ਨਿਸ਼ਕਾਮ ਸੇਵਾ ਕਰਦੇ ਰਹੇ। ਉਨ੍ਹਾਂ ਦੀ ਪਤਨੀ ਤਰਨ ਕੌਰ ਵਲੋਂ ਉਸੇ ਦੌਰਾਨ ਲੰਗਰ ਤੇ ਕੜਾਹ ਪ੍ਰਸ਼ਾਦ ਦੀ ਸੇਵਾ ਸ਼ੁਰੂ ਕੀਤੀ ਗਈ। ਇਸ ਪਰਿਵਾਰ ਨੇ ਦੇਸ਼ ਦੀ ਵੰਡ ਤੋਂ ਬੰਦ ਪਏ ਸ੍ਰੀ ਨਨਕਾਣਾ ਸਾਹਿਬ ਵਿਚਲੇ ਗੁਰਦੁਆਰਾ ਸ੍ਰੀ ਪੱਟੀ ਸਾਹਿਬ ਨੂੰ ਸੰਗਤ ਦੇ ਦਰਸ਼ਨਾਂ ਲਈ ਮੁੜ ਤੋਂ ਖੁਲ੍ਹਵਾਇਆ।