ਲੋਕਤੰਤਰ ਦੀ ਚਾਦਰ ਓੜ੍ਹਣ ਦਾ ਨਾਟਕ ਨਾ ਕੀਤਾ ਜਾਵੇ- ਅਸ਼ਵਨੀ ਸ਼ਰਮਾ
ਚੰਡੀਗੜ੍ਹ: ਜਿਸ ਕਾਂਗਰਸ ਪਾਰਟੀ ਨੇ ਪੰਜਾਬ ‘ਚ ਚੁਣੀ ਹੋਈਆਂ ਸਰਕਾਰਾਂ ਨੂੰ ਸੱਤ ਵਾਰ ਉਖਾੜ ਕੇ ਰਾਜਪਾਲ ਸ਼ਾਸਨ ਥੋਪਿਆ, ਉਸੇ ਪਾਰਟੀ ਦੇ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਭਾਜਪਾ ਉੱਤੇ ਰਾਜਪਾਲ ਸ਼ਾਸਨ ਲਗਾਏ ਜਾਣ ਦੀ ਕਿਆਸਰਾਈ ਕਰਨਾ ਸ਼ੋਭਦਾ ਨਹੀਂ। ਇਹ ਕਹਿਣਾ ਹੈ, ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ, ਜਿਨ੍ਹਾਂ ਨੇ ਬਾਜਵਾ ਦੇ ਇਲਜ਼ਾਮਾਂ ‘ਤੇ ਕਰਾਰਾ ਜਵਾਬ ਦਿੱਤਾ।
ਸ਼ਰਮਾ ਨੇ ਕਿਹਾ ਕਿ ਲੋਕਤੰਤਰ ਦੀ ਚਾਦਰ ਓੜ੍ਹਣ ਦਾ ਨਾਟਕ ਨਾ ਕੀਤਾ ਜਾਵੇ, ਕਿਉਂਕਿ ਕਾਂਗਰਸ ਦਾ ਪੂਰਾ ਇਤਿਹਾਸ ਪੰਜਾਬ ਵਿੱਚ ਕੇਂਦਰੀ ਦਖ਼ਲਅੰਦਾਜ਼ੀ, ਸਿਆਸੀ ਤੋੜ-ਮਰੋੜ ਅਤੇ ਸੂਬੇ ਨੂੰ ਅਸਥਿਰ ਕਰਨ ਨਾਲ ਜੁੜਿਆ ਹੈ। ਭਾਜਪਾ ‘ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਦਹਾਕਿਆਂ ਦੇ ਕਾਲੇ ਪੰਨੇ ਵੀ ਦੇਖਣੇ ਚਾਹੀਦੇ ਹਨ।
ਉਹਨਾਂ ਕਿਹਾ, “1951 ਤੋਂ 1992 ਤੱਕ ਜਦੋਂ ਵੀ ਪੰਜਾਬ ਵਿੱਚ ਹਾਲਾਤ ਖਰਾਬ ਹੋਏ, ਉਸ ਦੇ ਪਿੱਛੇ ਕਾਂਗਰਸ ਦੀ ਹੀ ਨਾਕਾਮ ਸਿਆਸਤ ਸੀ। ਚਾਹੇ ਬਹੁਮਤ ਖੋਹਣਾ ਹੋਵੇ, ਅੰਦਰੂਨੀ ਖਿੱਚਤਾਣ ਹੋਵੇ ਜਾਂ ਕੇਂਦਰ ਦੀ ਮਨਮਰਜ਼ੀ, ਹਰ ਵਾਰ ਪੰਜਾਬ ਦੀ ਚੁਣੀ ਹੋਈ ਸਰਕਾਰ ਕਾਂਗਰਸ ਨੇ ਹੀ ਡਗਾਈ। ਅੱਜ ਸਿਆਸੀ ਮੈਦਾਨ ਵਿੱਚ ਹੱਥ ਖਾਲੀ ਹੋਣ ਕਾਰਨ ਕਾਂਗਰਸ ਲੋਕਤੰਤਰ ਅਤੇ ਸੂਬਾਈ ਹੱਕਾਂ ਦੀ ਗੱਲ ਕਰ ਰਹੀ ਹੈ।”
ਭਾਜਪਾ ਨੇਤਾ ਸ਼ਰਮਾ ਨੇ ਕਾਂਗਰਸ ਦੇ ਕਾਰਜਕਾਲ ਵਿੱਚ ਲੱਗੇ ਸੱਤ ਰਾਸ਼ਟਰਪਤੀ ਸ਼ਾਸਨਾਂ ਦਾ ਹਵਾਲਾ ਦੇਂਦੇ ਹੋਏ ਕਿਹਾ ਕਿ ਇਹ ਕੋਈ ਕੁਦਰਤੀ ਜਾਂ ਅਚਾਨਕ ਸੰਕਟ ਵਿਚ ਨਹੀਂ ਲੱਗੇ ਸਨ, ਸਗੋਂ ਕਾਂਗਰਸ ਦੀ “ਸਿਆਸੀ ਗਿਣਤੀਬਾਜ਼ੀ” ਅਤੇ “ਅੰਦਰੂਨੀ ਖੇਡਾਂ” ਦੇ ਨਤੀਜੇ ਸਨ। ਕਾਂਗਰਸ ਨੇ ਆਪਣੇ ਸੁਆਰਥ ਲਈ ਪੰਜਾਬ ਨੂੰ ਕਈ ਵਾਰ ਲੋਕਤੰਤਰ ਤੋਂ ਵਾਂਝਾ ਕੀਤਾ ਅਤੇ ਸੂਬੇ ਵਿੱਚ ਰਾਜਪਾਲਾਂ ਰਾਹੀਂ ਆਪਣੀ ਮਰਜ਼ੀ ਚਲਾਈ।
ਸ਼ਰਮਾ ਨੇ ਅੰਤ ਵਿੱਚ ਕਿਹਾ ਕਿ ਪਾਣੀ, ਚੰਡੀਗੜ੍ਹ ਅਤੇ ਕੇਂਦਰ-ਸੂਬਾ ਸੰਬੰਧ — ਇਹ ਸਾਰੇ ਮੁੱਦੇ ਕਾਂਗਰਸ ਦੀਆਂ ਲੰਬੀਆਂ ਗਲਤੀਆਂ ਦਾ ਨਤੀਜਾ ਹਨ। ਇਹ ਜਿਹੜੇ ਮੁੱਦੇ ਖੁਦ ਸੁਲਝਾ ਨਹੀਂ ਸਕੇ, ਉਹ ਅੱਜ ਭਾਜਪਾ ਉੱਤੇ ਦੋਸ਼ ਲਾ ਕੇ ਲੋਕਾਂ ਨੂੰ ਮੁੜ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪੁਰਾਣੀਆਂ ਗਲਤੀਆਂ ਉੱਤੇ ਪਰਦਾ ਨਹੀਂ ਪਾਇਆ ਜਾ ਸਕਦਾ।
