ਕਿਸਾਨ ਯੂਨੀਅਨ ਲੱਖੋਵਾਲ ਨੇ ਧਮਕੀਆਂ ਦੇਣ ਖ਼ਿਲਾਫ਼ ਕਾਰਵਾਈ ਕਰਨ ਲਈ ਐਸ.ਐਸ.ਪੀ. ਨੂੰ ਦਿੱਤਾ ਮੰਗ ਪੱਤਰ
ਮੋਹਾਲੀ : ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਵਿਚ ਸੱਚ ਦੀ ਆਵਾਜ਼ ਚੁੱਕਣ ਵਾਲੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੂੰ ਜ਼ਿਲ੍ਹਾ ਮੁਹਾਲੀ ਦੇ ਟਰਾਈਸਿਟੀ ਦੇ ਬਿਲਡਰਾਂ/ਡਿਵੈਲਪਰਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
ਜ਼ਿਲ੍ਹਾ ਮੁਹਾਲੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾ, ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਵੱਲੋਂ ਇਨ੍ਹਾਂ ਧਮਕੀਆਂ ਦੀ ਨਿਖੇਧੀ ਕੀਤੀ ਗਈ । ਉਨ੍ਹਾਂ ਕਿਹਾ ਕਿ ਨਿਊ ਚੰਡੀਗੜ੍ਹ ਜ਼ਿਲ੍ਹਾ ਮੁਹਾਲੀ ਵਿਖੇ ਕੁਝ ਬਿਲਡਰਾਂ ਤੇ ਡਿਵੈਲਪਰਾਂ ਵੱਲੋਂ ਕਿਸਾਨਾਂ ਨਾਲ ਕੀਤੇ ਧੋਖੇ ਦੇ ਕੇਸ ਸੀਨੀਅਰ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਵੱਲੋਂ ਹਾਈ ਕੋਰਟ ਵਿਚ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਲੜਿਆ ਜਾ ਰਿਹਾ ਹੈ।
ਉੱਚ ਅਦਾਲਤ ਵੱਲੋਂ ਮੁਲਜ਼ਮਾਂ ਖ਼ਿਲਾਫ਼ ਆਏ ਕੁਝ ਫ਼ੈਸਲਿਆਂ ਦੀ ਬੁਖ਼ਲਾਹਟ ਵਿਚ ਕਿਸਾਨਾਂ ਦੇ ਵਕੀਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਮਾਮਲਾ ਸਹਾਮਣੇ ਆਇਆ ਹੈ, ਜੋ ਬਹੁਤ ਹੀ ਮੰਦਭਾਗਾ ਹੈ। ਐਡਵੋਕੇਟ ਚਰਨਪਾਲ ਸਿੰਘ ਬਾਗੜੀ ਕਿਸਾਨਾਂ ਦੇ ਹੱਕਾਂ ਲਈ ਬਹੁਤ ਸਾਰੇ ਮਸਲੇ ਹਾਈ ਕੋਰਟ ਤੇ ਸੁਪਰੀਮ ਕੋਰਟ ਵਿਚ ਲੜ ਰਹੇ ਹਨ, ਜਿਵੇਂ ਭਾਰਤਮਾਲਾ ਪ੍ਰਜੈਕਟਾਂ ਵਿਚ ਕਿਸਾਨਾਂ ਦੀ ਪੈਰਵਾਈ, ਲੈਂਡ ਪੂਲਿੰਗ ਪਾਲਸੀ ’ਤੇ ਰੋਕ ਲਗਵਾਈ, ਪਰਾਲੀ ਨੂੰ ਅੱਗ ਵਾਲੇ ਮਸਲੇ ’ਤੇ ਸੁਪਰੀਮ ਕੋਰਟ ਪੈਰਵਾਈ, ਬੀਬੀਐੱਮਬੀ ਦੀ ਲਾਪਰਵਾਹੀ ਦੇ ਕਾਰਨ ਹੜ੍ਹਾਂ ਦੀ ਪੈਰਵਾਈ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਾਂ ਦੀ ਗਿਣਤੀ ਹੈ, ਜਿਨ੍ਹਾਂ ਦੀ ਪੈਰਵਾਈ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਐਤਵਾਰ ਨੂੰ ਐੱਸ.ਐੱਸ.ਪੀ ਮੁਹਾਲੀ ਅਤੇ ਡੀ.ਸੀ ਮੁਹਾਲੀ ਨੂੰ ਇਕ ਮੰਗ ਪੱਤਰ ਸੌਂਪਿਆ ਅਤੇ ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ । ਮੀਟਿੰਗ ਵਿਚ ਨਛੱਤਰ ਸਿੰਘ ਬੈਦਵਾਣ, , , ਦਰਸ਼ਨ ਸਿੰਘ ਦੁਰਾਲੀ, ਭੋਲਾ ਸਲਾਮਤਪੁਰ, ਜਰਨੈਲ ਸਿੰਘ ਘੜੂਆਂ, ਜਸਵੰਤ ਸਿੰਘ ਮਾਣਕਮਾਜਰਾ, ਕੁਲਵੰਤ ਸਿੰਘ ਰੁੜਕੀ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
