ਮੰਤਰੀ, ਵਿਧਾਇਕ ਤੇ ਵਿਧਾਨ ਸਭਾ ਸਟਾਫ਼ ਪਵਿੱਤਰ ਨਗਰੀ ਪਹੁੰਚਿਆ, ਇਤਿਹਾਸਕ ਤੇ ਨਿਵੇਕਲਾ ਪਹਿਲਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ
Punjab Vidhan Sabha Session News: : ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਤ ਹੇਤ ਦਿਤੀ ਸ਼ਹਾਦਤ ਨੂੰ ਸਮਰਪਿਤ ਨਿਵੇਕਲਾ ਤੇ ਪਹਿਲਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਅੱਜ ਬਾਅਦ ਦੁਪਹਿਰ 1 ਵਜੇ ਪਵਿੱਤਰ ਨਗਰੀ ਤੇ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਚ ਸ਼ੁਰੂ ਹੋ ਰਿਹਾ ਹੈ। ਜਿਸ ਲਈ ਵੱਡੀ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ।
ਉਂਜ ਤਾਂ 3 ਦਿਨਾਂ ਧਾਰਮਕ ਤੇ ਸ਼ਰਧਾ ਪੂਰਵਕ ਸਮਾਗਮਾਂ ਵਿਚ ਨਗਰ ਕੀਰਤਨ, ਸੈਮੀਨਾਰ, ਗੋਸ਼ਟੀਆਂ, ਧਾਰਮਕ ਹਸਤੀਆਂ ਵਲੋਂ ਪ੍ਰਵਚਨ ਅਤੇ ਹੋਰ ਅਕਾਦਮਿਕ ਤੇ ਸਮਾਜਕ ਪ੍ਰੋਗਰਾਮ ਪੰਜਾਬ ਵਿਚ ਲਗਾਤਾਰ ਜਾਰੀ ਹਨ ਪਰ 117 ਮੈਂਬਰੀ ਵਿਧਾਨ ਸਭਾ ਦਾ ਪਵਿੱਤਰ ਇਜਲਾਸ ਪਹਿਲੀ ਵਾਰ ਰਾਜਧਾਨੀ ਚੰਡੀਗੜ੍ਹ ਤੋਂ ਬਾਹਰ ਹੋ ਰਿਹਾ ਹੈ ਜਿਸ ਦਾ ਸਿਹਰਾ ਮੌਜੂਦਾ ‘ਆਪ’ ਸਰਕਾਰ ਨੂੰ ਜਾਵੇਗਾ।
ਪੰਜਾਬ ਸਰਕਾਰ ਤੇ ਵਿਧਾਨ ਸਭਾ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਬਹੁਤੇ ਮੰਤਰੀ, ਵਿਧਾਇਕ, ਸਟਾਫ਼, ਸੀਨੀਅਰ ਅਧਿਕਾਰੀ ਤੇ ਹੋਰ ਸਬੰਧਤ ਆਈ.ਏ.ਐਸ. ਅਫ਼ਸਰ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਹਨ। ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸਾਰੀ ਪਵਿੱਤਰ ਨਗਰੀ ਦੀ 80 ਏਕੜ ਥਾਂ ’ਤੇ ਉਸਾਰੇ ਟੈਂਟ ਨੁਮਾ ਹਾਲੇ ਦੇ ਇਕ ਹਿੱਸੇ ਜੋ ਬਾਬਾ ਜੀਵਨ ਸਿੰਘ ਪਾਰਕ ਵਿਚ ਸਥਿਤ ਹੈ, ਸਪੈਸ਼ਲ ਤੌਰ ’ਤੇ ਇਕ ਵਿਧਾਨ ਸਭਾ ਹਾਲ ਉਸਾਰਿਆ ਜਿਥੇ ਇਜਲਾਸ 1 ਵਜੇ ਸ਼ੁਰੂ ਹੋ ਕੇ 5 ਵਜੇ ਤਕ ਚਲੇਗਾ।
ਉਨ੍ਹਾਂ ਦਸਿਆ ਕਿ ਸਾਰੇ ਸੂਬੇ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ‘ਆਪ’, ਕਾਂਗਰਸ, ਅਕਾਲੀ ਦਲ, ਬੀਜੇਪੀ, ਬੀਐਸਪੀ ਤੇ ਇਕ ਆਜ਼ਾਦ ਵਿਧਾਇਕ ਨੂੰ ਲਿਖਤੀ, ਫ਼ੋਨ, ਆਨਲਾਈਨ, ਲਿਖਤੀ ਤੇ ਡਿਜੀਟਲ ਸੁਨੇਹੇ ਇਸ ਸਮਾਗਮ ਦੇ ਪਹੁੰਚ ਚੁੱਕੇ ਹਨ। ਰਾਜਪਾਲ ਵਲੋਂ ਇਸ ਇਜਲਾਸ ਸਬੰਧੀ ਜਾਰੀ ਸੱਦਾ ਵੀ ਮੈਂਬਰਾਂ ਨੂੰ ਭੇਜ ਦਿਤਾ ਗਿਆ ਹੈ।
ਸਰਕਾਰ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਸ ਸੈਸ਼ਨ ਦੌਰਾਨ ਨੌਵੀਂ ਪਾਤਸ਼ਾਹੀ ਦੇ ਜੀਵਨ, ਸਿਧਾਂਤ, ਧਾਰਮਕ ਤੇ ਸ਼ਹਾਦਤ ਸਬੰਧੀ ਸੋਚ ਅਤੇ ਧਾਰਮਕ ਫ਼ਿਲਾਸਫ਼ੀ ਨੂੰ ਲੈ ਕੇ ਇਕ ਮਹੱਤਵਪੂਰਨ ਮਤਾ ਵੀ ਇਸ ਇਜਲਾਸ ਵਿਚ ਮੁੱਖ ਮੰਤਰੀ ਜਾਂ ਇਕ ਮੰਤਰੀ ਵਲੋਂ ਪੇਸ਼ ਕਰ ਕੇ ਉਸ ’ਤੇ ਚਰਚਾ ਕਰਨ ਦਾ ਪ੍ਰੋਗਰਾਮ ਹੈ। ਜ਼ਿਕਰਯੋਗ ਹੈ ਕਿ ਸਾਰੇ ਮੈਂਬਰਾਂ ਵਲੋਂ ਨੌਵੇਂ ਪਾਤਸ਼ਾਹ ਦੀ 350ਵੀਂ ਸ਼ਹਾਦਤ ਸਬੰਧੀ ਸ਼ਰਧਾਂਜਲੀਆਂ ਵੀ ਪੇਸ਼ ਕਰਨ ਦਾ ਪ੍ਰੋਗਰਾਮ ਹੈ। ਮੌਜੂਦਾ ਵਿਧਾਨ ਸਭਾ ਦੇ ਕੁਲ 117 ਵਿਧਾਇਕਾਂ ਵਿਚ 94 ਮੈਂਬਰ ‘ਆਪ’ ਪਾਰਟੀ ਦੇ, 16 ਵਿਰੋਧੀ ਧਿਰ ਕਾਂਗਰਸ ਦੇ, 3 ਅਕਾਲੀ ਦਲ, 2 ਬੀਜੇਪੀ ਅਤੇ ਇਕ ਬਹੁਜਨ ਸਮਾਜ ਪਾਰਟੀ ਤੇ ਇਕ ਆਜ਼ਾਦ ਵਿਧਾਇਕ ਸ਼ਾਮਲ ਹੈ।
