
ਭਾਰਤ-ਚੀਨ ਰੇੜਕੇ ਵਿਚਕਾਰ ਫ਼ੌਜ ਮੁਖੀ ਨਰਵਣੇ ਪੁੱਜੇ ਪੂਰਬੀ ਲੱਦਾਖ਼, ਫ਼ੌਜੀ ਤਿਆਰੀਆਂ ਦਾ ਲਿਆ ਜਾਇਜ਼ਾ
ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਸਥਿਤੀ ਬਾਰੇ ਕਰਵਾਇਆ ਜਾਣੂ
ਨਵÄ ਦਿੱਲੀ, 23 ਦਸੰਬਰ : ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਣੇ ਨੇ ਬੁਧਵਾਰ ਨੂੰ ਪੂਰਬੀ ਲੱਦਾਖ਼ ਵਿਚ ਵੱਖ-ਵੱਖ ਉੱਚ-ਚੌਕੀਆਂ ਦਾ ਦੌਰਾ ਕੀਤਾ ਅਤੇ ਪਿਛਲੇ ਸੱਤ ਮਹੀਨਿਆਂ ਤੋਂ ਇਸ ਖੇਤਰ ਵਿਚ ਚੀਨ ਨਾਲ ਚੱਲ ਰਹੇ ਰੇੜਕੇ ਦੇ ਮੱਦੇਨਜ਼ਰ ਭਾਰਤ ਦੀ ਸੈਨਿਕ ਤਿਆਰੀ ਦਾ ਜਾਇਜ਼ਾ ਲਿਆ। ਅਧਿਕਾਰਤ ਸੈਨਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਸੈਨਾ ਨੇ ਕਿਹਾ ਕਿ ਜਨਰਲ ਨਰਵਣੇ ਨੇ ਰੇਚਿਨ ਲਾ ਸਮੇਤ ਅਗਲੀਆਂ ਪੋਸਟਾਂ ਦਾ ਦੌਰਾ ਕੀਤਾ ਅਤੇ ਲੱਦਾਖ਼ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਸਥਿਤੀ ਦਾ ਸਵੈ-ਮੁਲਾਂਕਣ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਪੂਰਬੀ ਲੱਦਾਖ਼ ਦੇ ਵੱਖ-ਵੱਖ ਪਹਾੜੀ ਸਟੇਸ਼ਨਾਂ ਵਿਚ ਲੜਨ ਲਈ ਲਗਭਗ 50 ਹਜ਼ਾਰ ਸਿਪਾਹੀ ਤਾਇਨਾਤ ਕੀਤੇ ਹਨ ਜਿਥੇ ਤਾਪਮਾਨ ਜ਼ੀਰੋ ਡਿਗਰੀ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਇਨ੍ਹਾਂ ਇਲਾਕਿਆਂ ਵਿਚ ਬਰਾਬਰ ਗਿਣਤੀ ਵਿਚ ਫ਼ੌਜ ਤਾਇਨਾਤ ਕੀਤੀ ਹੈ।
ਲੇਹ ਵਿਖੇ 14ਵÄ ਕੋਰ ਕਮਾਂਡ ਦੇ ਕਮਾਂਡਰ, ਜਿਨ੍ਹਾਂ ਨੂੰ ਆਮ ਤੌਰ ’ਤੇ ‘ਫਾਇਰ ਐਂਡ ਫੂਰੀ’ ਕੋਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਸੈਨਾ ਦੇ ਮੁਖੀ ਨੂੰ ਪੂਰਬੀ ਲੱਦਾਖ਼ ਦੀ ਸਥਿਤੀ ਅਤੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿਤੀ।ਸੂਤਰਾਂ ਨੇ ਦਸਿਆ ਕਿ ਸਰਦੀਆਂ ਦੇ ਜ਼ਮੀਨੀ ਹਾਲਤਾਂ ਦੀ ਸਮੀਖਿਆ ਕਰਨ ਦੇ ਉਦੇਸ਼ ਨਾਲ ਜਨਰਲ ਨਰਵਣੇ ਇਕ ਦਿਨ ਦੇ ਦੌਰੇ ’ਤੇ ਸਵੇਰੇ 8.30 ਵਜੇ ਲੱਦਾਖ਼ ਪਹੁੰਚੇ।
ਫ਼ੌਜ ਨੇ ਟਵੀਟ ਕੀਤਾ, “ਆਰਮੀ ਚੀਫ਼ ਜਨਰਲ ਨਰਵਣੇ ਨੇ ਰੇਚਿਨ ਲਾ ਸਮੇਤ ਫਾਇਰ ਐਂਡ ਫੁਰੀ ਕੋਰ ਦੇ ਅਧਿਕਾਰ ਖੇਤਰ ਵਿਚ ਅੱਗੇ ਵਾਲੇ ਖੇਤਰ ਦਾ ਦੌਰਾ ਕੀਤਾ ਅਤੇ ਐਲਏਸੀ ਦੀ ਸਥਿਤੀ ਦਾ ਖ਼ੁਦ ਮੁਲਾਂਕਣ ਕੀਤਾ। ਉਸ ਨੂੰ ਫਾਇਰ ਐਂਡ ਫੂਰੀ ਕੋਰ ਦੇ ਕਮਾਂਡਰਾਂ ਅਤੇ ਹੋਰ ਸਥਾਨਕ ਕਮਾਂਡਰਾਂ ਨੇ ਸਾਡੀਆਂ ਫ਼ੌਜੀ ਤਿਆਰੀਆਂ ਤੋਂ ਜਾਣੂ ਕਰਾਇਆ। ”ਸੈਨਾ ਦੇ ਅਨੁਸਾਰ, ਜਨਰਲ ਨਰਵਣੇ ਨੇ ਅੱਗੇ ਵਾਲੇ ਖੇਤਰਾਂ ਵਿਚ ਤਾਇਨਾਤ ਸੈਨਿਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉਸੇ ਉਤਸ਼ਾਹ ਅਤੇ ਜੋਸ਼ ਨਾਲ ਕੰਮ ਕਰਨ ਲਈ ਉਤਸ਼ਾਹਤ ਕੀਤਾ। ਸੈਨਾ ਮੁਖੀ ਨੇ ਕ੍ਰਿਸਮਿਸ ਦੇ ਨਜ਼ਦੀਕ ਹੋਣ ਦੇ ਮੱਦੇਨਜ਼ਰ ਮਠਿਆਈਆਂ ਅਤੇ ਕੇਕ ਵੰਡੇ। (ਪੀਟੀਆਈ)