ਭਾਜਪਾ ਨੇ ਪ੍ਰਚਾਰ 'ਚ ਵਰਤੀ ਕਿਸਾਨ ਅੰਦੋਲਨਕਾਰੀ ਦੀ ਤਸਵੀਰ, ਉਹ ਤਾਂ ਦਿੱਲੀ ਵਿਚ ਕਿਸਾਨ ਧਰਨੇ 'ਚ ਬੈਠਾ ਹੈ
'ਹਾਰਪ ਫ਼ਾਰਮਰ ਨੇ ਇਕ ਆਡੀਉ ਜਾਰੀ ਕਰਦੇ ਹੋਏ ਕਿਹਾ, 'ਮੇਰੀ ਤਸਵੀਰ ਭਾਜਵਾ ਵਲੋਂ ਮੇਰੇ ਤੋਂ ਬਿਨਾਂ ਪੁੱਛੇ ਇਸ ਪੋਸਟ ਵਿਚ ਵਰਤੀ ਗਈ ਹੈ'
ਚੰਡੀਗੜ੍ਹ, 23 ਦਸੰਬਰ(ਸਪੋਕਸਮੈਨ ਸਮਾਚਾਰ ਸੇਵਾ) : ਕਿਸਾਨਾਂ ਦਾ ਮੋਰਚਾ ਦਿੱਲੀ ਦੇ ਬਾਰਡਰਾਂ 'ਤੇ ਡਟਿਆ ਹੋਇਆ ਹੈ | ਦੇਸ਼ ਭਰ ਦੇ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਬਾਰਡਰਾਂ 'ਤੇ ਧਰਨੇ ਲਾਈ ਬੈਠੇ ਹਨ, ਇਹ ਧਰਨਾ ਕੇਂਦਰ ਦੀ ਬੀਜੇਪੀ ਸਰਕਾਰ ਖ਼ਿਲਾਫ਼ ਦਿਤਾ ਜਾ ਰਿਹਾ ਹੈ | ਬੀਜੇਪੀ ਵਲੋਂ ਕਿਸਾਨਾਂ ਨੂੰ ਮਨਾਉਣ ਲਈ ਵੱਖ ਵੱਖ ਤਰੀਕੇ ਅਪਣਾਏ ਜਾ ਰਹੇ ਹਨ, ਭਾਵੇ ਉਹ ਗੱਲਬਾਤ ਰਾਹੀਂ ਹੋਵੇਂ ਜਾਂ ਚਿੱਠੀ ਭੇਜ ਲਿਖ ਕੇ | ਅਜਿਹਾ ਹੀ ਇਕ ਨਵਾਂ ਤਰੀਕਾ ਬੀਜੇਪੀ ਵਲੋਂ ਅਖ਼ਤਿਆਰ ਕੀਤਾ ਗਿਆ ਹੈ |
ਭਾਜਪਾ ਪੰਜਾਬ ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ ਪੰਜਾਬੀ ਮਾਡਲ ਹਰਪ੍ਰੀਤ ਸਿੰਘ ਹਾਰਪ ਦੀ ਫੋਟੋ ਅਪਲੋਡ ਕਰਕੇ ਇਕ ਪੋਸਟ ਪਾਈ ਗਈ ਹੈ | ਜਿਸ ਵਿਚ ਐੱਮ.ਐੱਸ.ਪੀ. ਅਤੇ ਹੋਰ ਚੀਜਾਂ ਨੂੰ ਮੱਦੇਨਜਰ ਰਖਦੇ ਹੋਏ ਹੋਰ ਨਿਯਮਾਂ ਕਾਨੂੰਨਾਂ ਬਾਰੇ ਲਿਖਿਆ ਗਿਆ ਹੈ | ਇਸ ਪੋਸਟ ਬਾਰੇ ਹਾਰਪ ਫਾਰਮਰ ਨੇ ਪ੍ਰਤੀਕਰਮ ਦਿਤਾ ਹੈ | ਹਾਰਪ ਫ਼ਾਰਮਰ ਨੇ ਇਕ ਆਡੀਓ ਜਾਰੀ ਕਰਦੇ ਹੋਏ ਕਿਹਾ ਹੈ ਕਿ, 'ਮੇਰੀ ਤਸਵੀਰ ਬੀਜੇਪੀ ਵਲੋਂ ਮੇਰੇ ਤੋਂ ਬਿਨਾਂ ਪੁੱਛੇ ਇਸ ਪੋਸਟ ਵਿਚ ਵਰਤੀ ਗਈ ਹੈ | ਇਸ ਫੋਟੋ ਨੂੰ ਵਰਤਣ ਤੋਂ ਪਹਿਲਾਂ ਭਾਜਪਾ ਨੇ ਮੇਰੇ ਤੋਂ ਕਿਸੇ ਕਿਸਮ ਦੀ ਇਜਾਜਤ ਨਹੀਂ ਲਈ | ਜਦਕਿ, ਜਦੋਂ ਤੋਂ ਦਿੱਲੀ ਕਿਸਾਨਾਂ ਦਾ ਧਰਨਾ ਲੱਗਾ ਹੈ ਕਿ ਉਦੋਂ ਤੋਂ ਹੀ ਮੈਂ ਕਿਸਾਨਾਂ ਦੇ ਹੱਕ ਵਿਚ ਪ੍ਰਚਾਰ ਕਰ ਰਿਹਾ ਹਾਂ | ਜਦੋਂ ਮੈਂ ਖੁਦ ਇਸ ਪੋਸਟ ਨੂੰ ਦੇਖਿਆ ਤਾਂ ਮੈਨੂੰ ਖੁਦ ਬਹੁਤ ਦੁੱਖ ਲੱਗਾ |' ਹਰਪ੍ਰੀਤ ਸਿੰਘ ਨੇ ਇਸ ਤਰ੍ਹਾਂ ਫੋਟੋ ਦੀ ਵਰਤੋਂ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਬਨਾਮ ਹਾਰਪ ਫਾਰਮਾਰ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਹੈ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦਲੋਨ ਦੀਆਂ ਤਸਵੀਰਾਂ ਅਤੇ ਵੀਡੀਓਜ ਆਪਣੇ ਨਿੱਜੀ ਫੇਸਬੁੱਕ ਪੇਜ 'ਤੇ ਸਾਂਝੀਆਂ ਕਰਦਾ ਰਹਿੰਦਾ ਹੈ | ਹਾਰਪ ਫਾਰਮਰ ਨੇ ਇਹ ਗੱਲ ਸਾਂਝੀ ਕਰਦਿਆਂ ਦਸਿਆ ਕਿ ਪਹਿਲਾਂ ਵੀ ਕਈ ਵਾਰ ਉਸ ਦੀ ਫੋਟੋ ਦੀ ਗ਼ਲਤ ਵਰਤੋਂ ਕੀਤੀ ਗਈ ਹੈ ਅਤੇ ਉਸ ਨੂੰ ਬਿਨ੍ਹਾਂ ਪੁੱਛੇ ਕਈ ਵਿਗਿਆਪਨ ਦੇਣ ਵਾਲੀਆਂ ਕੰਪਨੀਆਂ ਨੇ ਉਸ ਦੀ ਤਸਵੀਰ ਨੂੰ ਵਰਤਿਆ ਹੈ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ, ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਉਹ ਜਿਹੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਕਿਸਾਨੀ ਸੰਘਰਸ਼ ਦੇ ਯੋਧਿਆਂ ਨਾਲ ਡਟਿਆ ਹੋਇਆ ਹੈ ਉਨ੍ਹਾਂ ਕਾਨੂੰਨਾਂ ਦਾ ਪ੍ਰਚਾਰ ਕਰਨ ਲਈ ਬੀਜੇਪੀ ਪੰਜਾਬ ਦੇ ਅਧਿਕਾਰਿਕ ਪੇਜ 'ਤੇ ਉਸ
image ਦੀ ਫੋਟੋ ਦਾ ਸਹਾਰਾ ਲਿਆ ਜਾ ਰਿਹਾ ਹੈ | ਉਸ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਇਹ ਸਭ ਉਸ ਦੀ ਸ਼ਾਖ ਨੂੰ ਢਾਹ ਲਾਉਣ ਲਈ ਕੀਤਾ ਜਾ ਰਿਹਾ ਹੈ |
