
ਚੌਕਸ ਜਵਾਨਾਂ ਵੱਲੋਂ ਦੋ ਫਾਇਰ ਕਰਕੇ ਗੁਬਾਰੇ ਨੂੰ ਹੇਠਾਂ ਸੁੱਟ ਦਿੱਤਾ ਗਿਆ ਪਰ ਜਦੋਂ ਦੇਖਿਆ ਗਿਆ ਤਾਂ ਉਸ ਵਿਚੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ।
ਗੁਰਦਾਸਪੁਰ : ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 73 ਬਟਾਲੀਅਨ ਦੀ ਬੀਓਪੀ ਸ਼ਾਹਪੁਰ ਦੇ ਜਵਾਨਾਂ ਵੱਲੋਂ ਕੌਮਾਂਤਰੀ ਸਰਹੱਦ 'ਤੇ ਭਾਰਤੀ ਖੇਤਰ ਵਿਚ ਆ ਰਹੇ ਪਾਕਿਸਤਾਨੀ ਗੁਬਾਰੇ 'ਤੇ ਫਾਇਰਿੰਗ ਕੀਤੀ ਗਈ। ਇਸ ਸਬੰਧੀ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਸੈਕਟਰ ਗੁਰਦਾਸਪੁਰ ਨੇ ਦੱਸਿਆ ਕਿ ਸ਼ੁੱਕਰਵਾਰ ਤੜਕਸਾਰ ਸਾਢੇ ਪੰਜ ਦੇ ਕਰੀਬ ਕੌਮਾਂਤਰੀ ਸਰਹੱਦ ਤੇ ਤਾਇਨਾਤ ਬੀ ਐਸ ਐਫ ਦੀ ਬੀਓਪੀ ਸ਼ਾਹਪੁਰ ਦੇ ਜਵਾਨਾਂ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰ ਰਹੇ ਗੁਬਾਰੇ ਨੂੰ ਵੇਖਿਆ ਗਿਆ।
ਜਿੱਥੇ ਚੌਕਸ ਜਵਾਨਾਂ ਵੱਲੋਂ ਦੋ ਫਾਇਰ ਕਰਕੇ ਗੁਬਾਰੇ ਨੂੰ ਹੇਠਾਂ ਸੁੱਟ ਦਿੱਤਾ ਗਿਆ ਪਰ ਜਦੋਂ ਦੇਖਿਆ ਗਿਆ ਤਾਂ ਉਸ ਵਿਚੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਇਸ ਖੇਤਰ ਵਿਚ ਬੀਐਸਐਫ ਵੱਲੋਂ ਸਰਚ ਅਭਿਆਨ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਘਣੀ ਧੁੰਦ ਦੌਰਾਨ ਬੀਐਸਐਫ ਦੇ ਜਵਾਨ ਪੂਰੀ ਤਰ੍ਹਾਂ ਚੌਕਸ ਹਨ ਅਤੇ ਕੜਾਕੇ ਦੀ ਠੰਢ ਵਿਚ ਬੀਐਸਐਫ਼ ਦੇ ਮਹਿਲਾ ਤੇ ਪੁਰਸ਼ ਜਵਾਨ ਦੇਸ਼ ਵਿਰੋਧੀ ਅਨਸਰਾਂ ਦੇ ਨਾਪਾਕ ਇਰਾਦਿਆਂ ਨੂੰ ਫੇਲ੍ਹ ਕਰ ਰਹੇ ਹਨ।