
ਵਿਧਾਨ ਸਭਾ ਵਿਚ ਪਾਸ 12 ਬਿਲਾਂ ਦੀ ਪ੍ਰਵਾਨਗੀ ਲਈ ਚੰਨੀ ਤੇ ਮੰਤਰੀ ਮੰਡਲ ਮੈਂਬਰ ਰਾਜਪਾਲ ਨੂੰ ਮਿਲੇ
ਚੰਡੀਗੜ੍ਹ, 23 ਦਸੰਬਰ (ਗੁਰਉਪਦੇਸ਼ ਭੁੱਲਰ) : ਪਿਛਲੇ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਪਾਸ ਕੀਤੇ 12 ਬਿਲਾਂ ਦੀ ਮੰਜ਼ੂਰੀ ਲਈ ਅੱਜ ਪੰਜਾਬ ਮੰਤਰੀ ਮੰਡਲ ਦੇ ਮੈਂਬਰਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਕੈਬਨਿਟ ਮੀਟਿੰਗ ਬਾਅਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿਚ ਬੇਅਦਬੀ ਤੇ ਬੰਬ ਧਮਾਕੇ ਦੀ ਘਟਨਾਵਾਂ ਬਾਅਦ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਤੋਂ ਵੀ ਰਾਜਪਾਲ ਨੂੰ ਜਾਣਕਾਰੀ ਦਿਤੀ ਗਈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਰੀਪੋਰਟ ਮੰਗੀ ਸੀ। ਰਾਜਪਾਲ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਵਿਧਾਨ ਸਭਾ ਸੈਸ਼ਨ ਵਿਚ ਪਾਸ ਬਿਲ ਰਾਜਪਾਲ ਕੋਲ ਪ੍ਰਵਾਨਗੀ ਲਈ ਪਏ ਹਨ। ਇਸ ਕਾਰਨ ਰਾਜ ਦੇ ਕੰਮਾਂ ਵਿਚ ਰੁਕਾਵਟ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਭਰੋਸਾ ਦਿਤਾ ਹੈ ਕਿ ਉਹ ਸੋਮਵਾਰ ਤਕ ਬਿਲਾਂ ਨੂੰ ਮੰਜ਼ੂਰੀ ਦੇ ਕੇ ਦਸਤਖ਼ਤ ਕਰ ਦੇਣਗੇ। ਇਨ੍ਹਾਂ ਬਿਲਾਂ ਵਿਚ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਕੰਟਰੈਕਟਰ ਫ਼ਾਰਮਿੰਗ ਐਕਟ ਰੱਦ ਕਰਨ ਅਤੇ ਪੰਜਾਬੀ ਭਾਸ਼ਾ ਲਾਗੂ ਕਰਨ ਸਬੰਧੀ ਐਕਟ ਬਣਾਉਣ ਵਰਗੇ ਅਹਿਮ ਬਿਲ ਸ਼ਾਮਲ ਹਨ।