
ਲੁਧਿਆਣੇ ਦੀ ਜ਼ਿਲ੍ਹਾ ਅਦਾਲਤ ਵਿਚ ਧਮਾਕਾ, ਇਕ ਮੌਤ, ਕਈ ਜ਼ਖ਼ਮੀ
ਘਟਨਾ ਤੋਂ ਬਾਅਦ ਸੂਬੇ 'ਚ ਹਾਈ ਅਲਰਟ, ਆਤਮਘਾਤੀ ਹਮਲੇ ਦਾ ਖ਼ਦਸ਼ਾ
ਲੁਧਿਆਣਾ, 23 ਦਸੰਬਰ (ਆਰ.ਪੀ.ਸਿੰਘ, ਹਰਪ੍ਰੀਤ ਸਿੰਘ ਮੱਕੜ): ਲੁਧਿਆਣਾ ਦੇ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਲ 'ਤੇ ਜ਼ਬਰਦਸਤ ਧਮਾਕਾ ਹੋਇਆ, ਇਸ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ | ਸੂਤਰਾਂ ਮੁਤਾਬਕ ਧਮਾਕੇ ਵਿਚ ਮਰਨ ਵਾਲੇ ਹੀ ਬੰਬ ਲੈ ਕੇ ਆਏ ਸਨ | ਸੂਤਰ ਦਸਦੇ ਹਨ ਕਿ ਜਿਸ ਬਾਥਰੂਮ ਵਿਚ ਇਹ ਧਮਾਕਾ ਹੋਇਆ, ਉਥੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਲਾਸ਼ ਬਰਾਮਦ ਹੋਈ ਹੈ ਅਤੇ ਇਹ ਲਾਸ਼ ਬੰਬ ਲੈ ਕੇ ਆਉਣ ਵਾਲੇ ਦੀ ਹੀ ਹੋ ਸਕਦੀ ਹੈ |
ਜਾਂਚ ਲਈ ਐਨ. ਆਈ. ਏ. ਦੀ ਦੋ ਮੈਂਬਰੀ ਟੀਮ ਵੀ ਚੰਡੀਗੜ੍ਹੋਂ ਮੌਕੇ 'ਤੇ ਪਹੁੰਚੀ ਹੈ | ਐਨ. ਆਈ. ਏ. ਦੀ ਟੀਮ ਪੰਜਾਬ ਪੁਲਿਸ ਦੀ ਫ਼ਾਰੈਂਸਿਕ ਟੀਮ ਨਾਲ ਮਿਲ ਕੇ ਧਮਾਕੇ ਦੀ ਜਾਂਚ ਕਰੇਗੀ | ਇਸ ਵਿਚ ਇਹ ਵੀ ਦੇਖਿਆ ਜਾਵੇਗਾ ਕਿ ਕੀ ਉਹ ਵਿਦੇਸ਼ੀ ਤਾਕਤਾਂ ਦੀ ਹਰਕਤ ਤਾਂ ਨਹੀਂ ਹੈ | ਉਧਰ, ਮੌਕੇ 'ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜੀਪੀਐਸ ਭੁੱਲਰ ਦਾ ਕਹਿਣਾ ਹੈ ਕਿ ਧਮਾਕਾ ਕਿਵੇਂ ਹੋਇਆ ਇਸ ਬਾਰੇ ਫ਼ੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਕੁੱਝ ਦਸਿਆ ਜਾ ਸਕੇਗਾ | ਉਨ੍ਹਾਂ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਅਜੇ ਕਿਸੇ ਨਤੀਜੇ 'ਤੇ ਪਹੁੰਚਣਾ ਕਾਹਲੀ ਹੋਵੇਗੀ | ਉਧਰ ਇਸ ਹਮਲੇ ਨੂੰ ਫ਼ਿਦਾਈਨ ਹਮਲੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ | ਇਹ ਵੀ ਦਸਿਆ ਜਾ ਰਿਹਾ ਹੈ ਕਿ ਮਰਨ ਵਾਲਾ ਵਿਅਕਤੀ ਆਤਮਘਾਤੀ ਸੀ | ਸੂਤਰਾਂ ਮੁਤਾਬਕ ਮਿ੍ਤਕ ਬਾਥਰੂਮ ਦੇ ਅੰਦਰ ਉਹ ਬੰਬ ਆਪਰੇਟ ਕਰਨ ਗਏ ਸਨ, ਇਸ ਦੌਰਾਨ ਬੰਬ ਧਮਾਕਾ ਹੋ ਗਿਆ | ਇਹ ਧਮਾਕਾ ਲਗਭਗ 12.15 ਵਜੇ ਹੋਇਆ, ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਾਥਰੂਮ ਦੇ ਨਾਲ ਲਗਦੀਆਂ ਕੰਧਾਂ ਵੀ ਢਹਿ ਢੇਰੀ ਹੋ ਗਈਆਂ | ਉਧਰ ਧਮਾਕੇ ਤੋਂ ਬਾਅਦ ਪੁਲਿਸ ਵਲੋਂ ਕੋਰਟ ਕੰਪਲੈਕਸ ਅਤੇ ਨਾਲ ਲਗਦੇ ਡੀ. ਸੀ. ਕੰਪਲੈਕਸ ਨੂੰ ਵੀ ਖ਼ਾਲੀ ਕਰਵਾ ਲਿਆ ਗਿਆ | ਚੰਗੀ ਗੱਲ ਇਹ ਰਹੀ ਕਿ ਅੱਜ ਵਕੀਲਾਂ ਦੀ ਹੜਤਾਲ ਸੀ ਇਸ ਲਈ ਵੱਡੀ ਗਿਣਤੀ ਵਿਚ ਵਕੀਲ ਅਦਾਲਤ ਵਿਚ ਨਹੀਂ ਸਨ |
ਜ਼ਿਲ੍ਹਾ ਅਦਾਲਤ ਵਿਚ ਹੋਏ ਇਸ ਬੰਬ ਧਮਾਕੇ ਦੀ ਵਕੀਲਾਂ ਵਲੋਂ ਨਿਖੇਧੀ ਕੀਤੀ ਗਈ | ਸੀਨਿਅਰ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਇਹ ਵੱਡਾ ਹਾਦਸਾ ਕਚਹਿਰੀ ਵਿਖੇ ਲੱਗੀ ਪੁਲਿਸ ਗਾਰਦ ਦੀ ਅਣਗਹਿਲੀ ਕਾਰਨ ਹੋਇਆ |
ਉਨ੍ਹਾਂ ਕਿਹਾ ਅਦਾਲਤ ਅੰਦਰ ਦਾਖ਼ਲ ਹੋਣ ਤੇ ਸਿਰਫ਼ ਪੁਲਿਸ ਮਾਸਕ ਚੈੱਕ ਕਰਦੀ ਹੈ ਪਰ ਕਿਸੇ ਸ਼ੱਕੀ ਵਿਆਕਤੀ ਦੀ ਤਲਾਸ਼ੀ ਨਹੀਂ ਕਰਦੀ | ਪੁਲਿਸ ਦੀ ਅਣਗਹਿਲੀ ਕਾਰਨ ਹੀ ਵਿਸਫੋਟਕ ਸਮੱਗਰੀ ਕੋਰਟ ਕੰਪਲੈਕਸ ਦੇ ਅੰਦਰ ਗਈ ਹੈ | ਉਨ੍ਹਾਂ ਦਸਿਆ ਇਸ ਬਿਲਡਿੰਗ ਵਿਚ ਕੰਮ ਕਰ ਰਹੇ 74 ਜੱਜਾਂ, ਹਜ਼ਾਰਾਂ ਵਕੀਲਾਂ ਅਤੇ ਹੋਰ ਛੋਟੇ ਮੋਟੇ ਕੰਮ ਕਰਨ ਵਾਲਿਆਂ ਦੀ ਜਾਨ ਅੱਜ ਬਹੁਤ ਸਸਤੀ ਜਾਪਦੀ ਲੱਗੀ | ਉਨ੍ਹਾਂ ਪ੍ਰਸ਼ਾਸ਼ਨ ਤੋ ਕੋਰਟ ਕੰਪਲੈਕਸ ਪੂਰਨ ਸੁਰੱਖਿਆ ਦੀ ਮੰਗ ਕੀਤੀ ਹੈ |
ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ | ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਦੁਪਹਿਰ ਨੂੰ ਹੋਏ ਵੱਡੇ ਧਮਾਕੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ | ਇਸ ਧਮਾਕੇ ਸਬੰਧੀ ਕੇਂਦਰ ਸਰਕਾਰ ਨੇ ਪੰਜਾਬ ਤੋਂ ਰਿਪੋਰਟ ਮੰਗ ਲਈ ਹੈ | ਕੇਂਦਰ ਦੇ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਸਰਕਾਰ ਤੋਂ ਧਮਾਕੇ ਦੀ ਘਟਨਾ ਨੂੰ ਲੈ ਕੇ ਰਿਪੋਰਟ ਮੰਗੀ ਗਈ ਹੈ |
ਡੱਬੀ
ਪੰਜਾਬ-ਹਰਿਆਣਾ ਬਾਰ ਕੌਂਸਲ ਨੇ ਧਮਾਕੇ ਦੀ ਜਾਂਚ ਲਈ ਡੀਜੀਪੀ ਨੂੰ ਲਿਖਿਆ ਪੱਤਰ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਨੇ ਅੱਜ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਦੀ ਐਸ.ਆਈ.ਟੀ. ਤੋਂ ਜਾਂਚ ਕਰਵਾਉਣ ਲਈ ਡੀ.ਜੀ.ਪੀ ਪੰਜਾਬ ਤੋਂ ਮੰਗ ਕੀਤੀ ਹੈ | ਕੌਂਸਲ ਨੇ ਇਹ ਵੀ ਮੰਗ ਕੀਤੀ ਕਿ ਅਦਾਲਤਾਂ ਦੀ ਸੁਰੱਖਿਆ ਵਧਾਈ ਜਾਵੇ |
ਡੱਬੀ
ਰੰਧਾਵਾ ਨੇ ਡੀਜੀਪੀ ਨਾਲ ਸੱਦੀ ਹੰਗਾਮੀ ਮੀਟਿੰਗ
ਚੰਡੀਗੜ੍ਹ: ਲੁਧਿਆਣਾ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਚ ਹੋਏ ਧਮਾਕੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ | ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਲੁਧਿਆਣਾ ਪਹੁੰਚੇ ਹਨ | ਇਸ ਦੌਰਾਨ ਸੁਖਜਿੰਦਰ ਰੰਧਾਵਾ ਨੇ ਜ਼ਖ਼ਮੀਆਂ ਦਾ ਹਾਲ ਜਾਣਿਆ | ਗ੍ਰਹਿ ਮੰਤਰੀ ਰੰਧਾਵਾ ਨੇ ਡੀਜੀਪੀ ਸਿਧਾਰਥ ਚਟੋਪਾਧਿਆਏ ਨਾਲ ਹੰਗਾਮੀ ਮੀਟਿੰਗ ਵੀ ਨਾਲ ਸੱਦੀ ਹੈ |
L48_•agpal Sandhu_23_01