
16 ਦਸੰਬਰ ਨੂੰ ਉਹ ਘਰੋਂ ਕਿਸੇ ਕੰਮ ਲਈ ਬਾਹਰ ਗਿਆ,ਪਰ ਵਾਪਸ ਨਹੀਂ ਪਰਤਿਆ।
ਅੰਮ੍ਰਿਤਸਰ- ਸਰਹੱਦੀ ਇਲਾਕੇ ਅਟਾਰੀ ਦੇ ਪਿੰਡ ਭੈਣੀ ਰਾਜਪੂਤਾਂ ਦਾ ਇਕ 19 ਸਾਲ ਦਾ ਨੌਜਵਾਨ ਬੀਤੀ 16 ਦਸੰਬਰ ਨੂੰ ਆਪਣੇ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਸੀ,ਪਰ ਘਰ ਵਾਪਸ ਨਹੀਂ ਪਰਤਿਆ। 2 ਦਿਨ ਤਕ ਲਗਾਤਾਰ ਮਾਪੇ ਉਸ ਦੀ ਭਾਲ ਕਰਦੇ ਰਹੇ, ਪਰ ਜਦੋਂ ਉਸ ਦਾ ਕਿਧਰੇ ਪਤਾ ਨਹੀਂ ਲੱਗਾ ਤਾਂ ਫਿਰ ਅਖੀਰ 18 ਤਰੀਕ ਨੂੰ ਥਾਣਾ ਘਰਿੰਡਾਂ ਵਿਖੇ ਉਸ ਦੇ ਮਾਪਿਆਂ ਵੱਲੋਂ ਓਸ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।
ਪੁਲਿਸ ਵੀ ਲਗਾਤਾਰ ਉਸ ਦੀ ਭਾਲ ਵਿੱਚ ਲੱਗੀ ਹੋਈ ਸੀ। ਪਰ ਅੱਜ ਜੋ ਖਬਰ ਪਤਾ ਲੱਗੀ ਉਸ ਨੇ ਸਾਰੇ ਇਲਾਕੇ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਭੈਣੀ ਰਾਜਪੂਤਾਂ ਦੇ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਜਸਵਿੰਦਰ ਸਿੰਘ ਜਿਸ ਦੀ ਉਮਰ ਮਹਿਜ਼ 19 ਸਾਲ ਹੈ। ਉਹਨਾਂ ਦੱਸਿਆ ਕਿ ਬੀਤੀ 16 ਦਸੰਬਰ ਨੂੰ ਉਹ ਘਰੋਂ ਕਿਸੇ ਕੰਮ ਲਈ ਬਾਹਰ ਗਿਆ,ਪਰ ਵਾਪਸ ਨਹੀਂ ਪਰਤਿਆ।
ਉਹਨਾਂ ਦੱਸਿਆ ਕਿ ਉਹਨਾਂ ਆਪਣੇ ਲੜਕੇ ਦੀ ਬਹੁਤ ਭਾਲ ਕੀਤੀ ਹਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ। ਅਖੀਰ 18 ਤਰੀਕ ਨੂੰ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ। ਪੁਲਿਸ ਵੀ ਉਸ ਦੀ ਲੰਮੇ ਸਮੇਂ ਤੋਂ ਭਾਲ ਕਰ ਰਹੀ ਸੀ। ਸੁਰਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਜਿਸ ਦੇ ਜਾਣ ਨਾਲ ਉਹਨਾਂ ਦਾ ਘਰ ਸੁੰਨਾ ਹੋ ਗਿਆ ਸੀ।
ਇਸ ਮਾਮਲੇ ਦੀ ਅੱਗੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਵਿੰਦਰ ਦੇ ਚਾਚਾ ਗੁਰਵਿੰਦਰ ਸਿੰਘ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਜਸਵਿੰਦਰ ਸਿੰਘ ਜੋ ਕਿ 16 ਤਰੀਕ ਦਾ ਲਾਪਤਾ ਸੀ, ਅੱਜ ਉਸ ਦੀ ਲਾਸ਼ ਪਿੰਡ ਵਿਚੋਂ ਹੀ ਮਿੱਟੀ ਵਿੱਚ ਦੱਬੀ ਹੋਈ ਬਰਾਮਦ ਹੋਈ ਹੈ। ਉਹਨਾਂ ਰੋਂਦੇ ਹੋਏ ਦੱਸਿਆ ਕਿ 16 ਦਸੰਬਰ ਨੂੰ ਜਸਵਿੰਦਰ ਘਰੋਂ ਬਾਹਰ ਗਿਆ ਸੀ, ਪਰ ਵਾਪਸ ਨਹੀਂ ਪਰਤਿਆ।
ਉਨ੍ਹਾਂ ਦੱਸਿਆ ਕਿ ਅੱਜ ਜਦੋਂ ਭੈਣੀ ਦੇ ਕੁੱਝ ਲੋਕ ਆਪਣੇ ਕੁਤਿਆਂ ਨਾਲ ਸ਼ਿਕਾਰ ਖੇਡਣ ਆਏ ਤਾਂ ਉਹਨਾਂ ਆ ਕੇ ਪਿੰਡ ਦੇ ਸਰਪੰਚ ਨੂੰ ਦੱਸਿਆ ਕਿ ਪਿੰਡ ਦੇ ਮੈਦਾਨ ਵਿਚ ਮਿੱਟੀ ਵਿੱਚ ਇੱਕ ਵਿਅਕਤੀ ਦੀ ਲਾਸ਼ ਦੱਬੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦ ਪੁਲਿਸ ਨੇ ਮੌਕੇ ’ਤੇ ਆ ਕੇ ਲਾਸ਼ ਨੂੰ ਬਾਹਰ ਕੱਢਿਆ। ਇਹ ਲਾਸ਼ ਉਨ੍ਹਾਂ ਦੇ ਭਤੀਜੇ ਜਸਵਿੰਦਰ ਦੀ ਨਿਕਲੀ, ਜਿਸ ਦੀ ਪਹਿਚਾਣ ਉਸ ਦੇ ਬੂਟਾਂ ਕੋਲ ਪਏ ਮਫਰਲ ਅਤੇ ਉਸ ਦੇ ਸ਼ਰੀਰ ’ਤੇ ਬਣੇ ਟੈਟੂ ਤੋਂ ਹੋ ਗਈ।
ਜਵਾਨ ਇਕਲੌਤੇ ਪੁੱਤ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੌਕੇ ’ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨਾਲ ਜਦੋਂ ਇਸ ਸਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਸਵਿੰਦਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਪਰਿਵਾਰਕ ਬਿਆਨਾਂ ਦੇ ਅਧਾਰ ਦ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਹੁਤ ਜਲਦੀ ਜਸਵਿੰਦਰ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।