
ਆਪਣੇ ਪਿੱਛੇ ਮਾਤਾ-ਪਿਤਾ ਸਮੇਤ ਦੋ ਛੋਟੀਆਂ ਭੈਣਾਂ ਛੱਡ ਗਿਆ...
ਸੁਨਾਮ ਊਧਮ ਸਿੰਘ ਵਾਲਾ: ਪੰਜਾਬ ’ਚ ਪਤੰਗਾਂ ਕਾਰਨ ਹਰ ਰੋਜ਼ ਨਵਾਂ ਹਾਦਸਾ ਵਾਪਰਦਾ ਹੈ। ਸੈਂਕੜੇ ਬੱਚਿਆਂ ਦੀ ਪਤੰਗ ਲੁੱਟਦੇ ਸਮੇਂ ਕਰੰਟ ਲੱਗਣ ਕਾਰਨ, ਛੱਤ ਤੋਂ ਡਿੱਗਣ ਕਾਰਨ ਜਾਂ ਪਤੰਗ ਦੀ ਡੋਰ ਕਾਰਨ ਗਲਾ ਕੱਟ ਜਾਣ ਕਾਰਨ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਅਜਿਹਾ ਹੀ ਮਾਮਲਾ ਸੁਨਾਮ ਊਧਮ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਬੀਤੀ ਸ਼ਾਮ ਨੇੜਲੇ ਪਿੰਡ ਭਰੂਰ ਵਿਖੇ ਬੱਚਿਆਂ ਨਾਲ ਮਿਲ ਕੇ ਟੁੱਟਿਆ ਪਤੰਗ ਲੁੱਟ ਰਹੇ ਇਕ ਬੱਚੇ ਦੀ ਅਚਾਨਕ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ ਹੈ। ਪੁਲਿਸ ਥਾਣਾ ਜੀ.ਆਰ.ਪੀ. ਸੰਗਰੂਰ ਦੇ ਸਹਾਇਕ ਥਾਣੇਦਾਰ ਦੀਦਾਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਲਗਭਗ 4 ਕੁ ਵਜੇ ਨੇੜਲੇ ਪਿੰਡ ਭਰੂਰ ਦੇ ਲਾਲੀ ਸਿੰਘ ਦਾ ਸੱਤਵੀਂ ਜਮਾਤ 'ਚ ਪੜ੍ਹਦਾ ਕਰੀਬ 14 ਕੁ ਸਾਲ ਦਾ ਬੱਚਾ ਗੁਰਬਾਜ ਸਿੰਘ ਸਕੂਲ ਤੋਂ ਛੁੱਟੀ ਹੋਣ ਉਪਰੰਤ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਟੁੱਟਿਆ ਪਤੰਗ ਲੁੱਟਦਾ-ਲੁੱਟਦਾ ਅਚਾਨਕ ਪਿੰਡ ਦੇ ਰੇਲਵੇ ਸਟੇਸ਼ਨ ਵਾਲੇ ਫਾਟਕ ਨੇੜੇ ਰੇਲਵੇ ਲਾਈਨ 'ਤੇ ਜਾ ਚੜਿਆ, ਜਿਸ ਨੂੰ ਸੁਨਾਮ ਤੋਂ ਸੰਗਰੂਰ ਵੱਲ ਜਾ ਰਹੇ ਰੇਲਵੇ ਦੇ ਪਾਵਰ ਇੰਜਣ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕੁਝ ਚਸ਼ਮਦੀਦਾਂ ਦੇ ਦੱਸਣ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਪਾਵਰ ਇੰਜਣ ਬੱਚੇ ਨੂੰ ਘੜੀਸਦਾ ਘੜੀਸਦਾ ਦੂਰ ਤੱਕ ਲੈ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਬਾਜ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਆਪਣੇ ਪਿੱਛੇ ਮਾਤਾ-ਪਿਤਾ ਸਮੇਤ ਦੋ ਛੋਟੀਆਂ ਭੈਣਾਂ ਛੱਡ ਗਿਆ ਹੈ। ਸਹਾਇਕ ਥਾਣੇਦਾਰ ਦੀਦਾਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਬੱਚੇ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।