
ਮਹਾਰਾਸ਼ਟਰ 'ਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦਾ ਪ੍ਰਦਰਸ਼ਨ
ਨਾਸਿਕ,24 ਜਨਵਰੀ: ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ | ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਕੱਢਣ ਜਾ ਰਹੇ ਹਨ | ਇਸ ਦੌਰਾਨ ਐਤਵਾਰ ਨੂੰ ਕਿਸਾਨਾਂ ਨੇ ਮਹਾਰਾਸ਼ਟਰ ਦੇ ਨਾਸਿਕ ਤੋਂ ਮੁੰਬਈ ਵਲ ਮਾਰਚ ਸ਼ੁਰੂ ਕੀਤਾ ਹੈ | ਇਹ ਪ੍ਰਦਰਸ਼ਨ ਆਲ ਇੰਡੀਆ ਕਿਸਾਨ ਸਭਾ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ | ਉਨ੍ਹਾਂ ਦੀ ਯੋਜਨਾ ਹੈ ਕਿ ਉਹ ਮੁੰਬਈ ਵਿਚ ਇਕੱਠੇ ਹੋਣ ਅਤੇ ਫਿਰ ਦਿੱਲੀ ਵਲ ਮਾਰਚ ਕਰਨ |
ਲਗਭਗ 15,000 ਕਿਸਾਨਾਂ ਨੇ ਸਨਿਚਰਵਾਰ ਨੂੰ ਨਾਸਿਕ ਤੋਂ ਮੁੰਬਈ ਤਕ ਅਪਣੇ ਰਾਜ ਵਿਆਪੀ ਵਾਹਨ ਮਾਰਚ ਦੀ ਸ਼ੁਰੂਆਤ ਕੀਤੀ | ਮਾਰਚ ਸੈਂਕੜੇ ਟੈਂਪੋ ਅਤੇ ਹੋਰ ਵਾਹਨਾਂ ਨਾਲ ਗੋਲਫ਼ ਕਲੱਬ ਦੇ ਮੈਦਾਨ ਤੋਂ ਸ਼ੁਰੂ ਹੋਇਆ | ਰਾਤ ਨੂੰ ਇਹ ਇਗਟਪੁਰੀ ਨੇੜੇ ਘਾਟੰਦੇਵੀ ਵਿਖੇ ਰੁਕਿਆ | ਅੱਜ ਸਵੇਰੇ ਮੁੰਬਈ ਪਹੁੰਚਣ ਲਈ ਕਿਸਾਨ ਕਸਾਰਾ
ਘਾਟ ਵਲ ਮਾਰਚ ਕਰਨ ਲੱਗੇ |
ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੂੰਨ ਕਿਸਾਨ ਵਿਰੋਧੀ ਹਨ | ਸਾਡੀ ਆਵਾਜ਼ ਮਹਾਰਾਸ਼ਟਰ ਤੋਂ ਮੁੰਬਈ ਪਹੁੰਚਣੀ ਚਾਹੀਦੀ ਹੈ | ਅਸੀਂ ਮੁੰਬਈ ਤਕ ਮਾਰਚ ਕਰਾਂਗੇ ਅਤੇ ਫਿਰ 26 ਜਨਵਰੀ ਨੂੰ ਦਿੱਲੀ ਪਹੁੰਚਾਂਗੇ | ਘੱਟੋ ਘੱਟ 23 ਜ਼ਿਲਿ੍ਹਆਂ ਜਿਵੇਂ ਥਾਨੇ, ਨਾਸਿਕ, ਪਾਲਘਰ ਅਤੇ ਅਹਿਮਦਨਗਰ ਦੇ ਕਿਸਾਨ ਸਾਡੀ ਮਾਰਚ ਵਿਚ ਸ਼ਾਮਲ ਹੋਏ |
ਗਣਤੰਤਰ ਦਿਵਸ ਦੇ ਮੌਕੇ 'ਤੇ 'ਕਿਸਾਨ ਗਣਤੰਤਰ ਪਰੇਡ' ਵਿਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਕਿਸਾਨ ਦਿੱਲੀ ਵਲ ਮਾਰਚ ਕਰ ਰਹੇ ਹਨ | ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਟਰੈਕਟਰ ਟਿਕਰੀ ਬਾਰਡਰ 'ਤੇ ਪਹੁੰਚ ਗਏ ਹਨ | ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਕਿਸਾਨਾਂ ਨੂੰ 23 ਤੋਂ 26 ਜਨਵਰੀ ਤਕ ਅੰਦੋਲਨ ਵਿਚ ਹਿੱਸਾ ਲੈਣ ਲਈ ਕਿਹਾ ਹੈ | ਇਸ ਵਿਚ ਰਾਜਾਂ ਦੇ ਰਾਜਪਾਲਾਂ ਵਿਰੁਧ ਰੈਲੀਆਂ ਵੀ ਸ਼ਾਮਲ ਹਨ | ਕਿਸਾਨ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ |
ਕਿਸਾਨ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ | ਇਸ ਦੇ ਨਾਲ ਹੀ, ਕੇਂਦਰ ਸਰਕਾਰ ਗੱਲਬਾਤ ਦੇ ਰਾਹੀਂ ਇਸ ਰੁਕਾਵਟ ਨੂੰ ਸੁਲਝਾਉਣਾ ਚਾਹੁੰਦੀ ਹੈ | ਦੋਵਾਂ ਧਿਰਾਂ ਵਿਚਾਲੇ ਕਈ ਦੌਰ ਦੇ ਗੱਲਬਾਤ ਹੋ ਚੁਕੀ ਹੈ, ਪਰ ਅਜੇ ਤਕ ਕੋਈ ਨਤੀਜਾ ਨਹੀਂ ਨਿਕਲਿਆ ਹੈ | ਸੁਪਰੀਮ ਕੋਰਟ ਨੇ ਫਿਲਹਾਲ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ 'ਤੇ ਪਾਬੰਦੀ ਲਗਾਈ ਹੈ | ਇਕ ਕਮੇਟੀ ਵੀ ਬਣਾਈ ਗਈ ਹੈ | (ਪੀਟੀਆਈ)
---------------------
ਨਾਸਿਕ ਤੋਂ ਮੁੰਬਈ ਤਕ ਕਿਸਾਨਾਂ ਵਲੋਂ ਕੱਢੇ ਗਏ ਵਿਸ਼ਾਲ ਮਾਰਚ ਦਾ ਇਕ ਦਿ੍ਸ਼ |