
ਦਿੱਲੀ ਦੀ ਸਿੰਘੂ ਸਰਹੱਦ 'ਤੇ ਰਵਨੀਤ ਬਿੱਟੂ ਤੇ ਕੁਲਬੀਰ ਜ਼ੀਰਾ ਦਾ ਹੋਇਆ ਜ਼ੋਰਦਾਰ ਵਿਰੋਧ
ਧੱਕਾ ਮੁੱਕੀ ਦੌਰਾਨ ਲੱਥੀਆਂ ਪੱਗਾਂ, ਕਾਰ ਦੀ ਖਿੜਕੀ ਤੋੜੀ
ਨਵੀਂ ਦਿੱਲੀ, 24 ਜਨਵਰੀ: ਐਤਵਾਰ ਨੂੰ ਦਿੱਲੀ ਦੀੇ ਸਿੰਘੂ ਸਰਹੱਦ 'ਤੇ ਖੇਤੀ ਸੁਧਾਰ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ਵਲੋਂ ਸੱਦੀ ਗਈ ਜਨ ਸੰਸਦ 'ਚ ਪਹੁੰਚੇ ਕਾਂਗਰਸੀ ਐੱਮ. ਪੀ. ਰਵਨੀਤ ਬਿੱਟੂ ਅਤੇ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਸਖ਼ਤ ਵਿਰੋਧ ਹੋਇਆ |
ਜਿਵੇਂ ਹੀ ਬਿੱਟੂ ਸਿੰਘੂ ਸਰਹੱਦ ਉੱਤੇ ਲੋਕਾਂ ਦੀ ਸੰਸਦ ਵਿਚ ਸ਼ਾਮਲ ਹੋਣ ਲਈ ਸਰਹੱਦ 'ਤੇ ਪਹੁੰਚੇ ਤਾਂ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ | ਭੀੜ ਨੇ ਉਨ੍ਹਾਂ ਵਿਰੁਧ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ |
ਵਿਰੋਧ ਕਰਨ ਵਾਲਿਆਂ ਨੇ ਉਨ੍ਹਾਂ ਦੀ ਕਾਰ ਉੱਤੇ ਹਮਲਾ ਕਰ ਦਿਤਾ ਅਤੇ ਗੱਡੀ ਦੀ ਵਿੰਡਸਕਰੀਨ ਤੋੜ ਦਿਤੀ | ਇਥੇ ਹੀ ਬਸ ਨਹੀਂ ਵਿਧਾਇਕ ਜ਼ੀਰਾ ਅਤੇ ਰਵਨੀਤ ਬਿੱਟੂ ਨਾਲ ਧੱਕਾ-ਮੁੱਕੀ ਹੋਈ ਜਿਸ ਦੌਰਾਨ ਉਨ੍ਹਾਂ ਦੀਆਂ ਪੱਗਾਂ ਵੀ ਉਤਰ ਗਈਆਂ | ਤੇਜ਼ ਵਿਰੋਧ ਦੇ ਚਲਦਿਆਂ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਵੀ ਉਥੋਂ ਬਾਹਰ ਕੱਢਿਆ ਗਿਆ |
ਦਰਅਸਲ, ਕਾਂਗਰਸੀ ਆਗੂ ਸਿੰਘੂ ਸਰਹੱਦ ਸਥਿਤ ਗੁਰੂ ਤੇਗ ਬਹਾਦਰ ਵਾਰ ਮੈਮੋਰੀਅਲ ਹਾਲ ਵਿਚ ਕਿਸਾਨਾਂ ਵਲੋਂ ਸੱਦੇ ਗਏ ਜਨ ਸੰਸਦ ਵਿਚ ਸ਼ਮੂਲੀਅਤ ਕਰਨ ਆਏ ਸਨ | (ਏਜੰਸੀ)
image