
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੁਲਿਸ ਸੱਦਣ ਤੇ ਬੇਅਦਬੀ ਹੋਣ ਬਾਰੇ ਦਾ ਮਾਮਲਾ
ਨਵੀਂ ਦਿੱਲੀ, 25 ਜਨਵਰੀ (ਅਮਨਦੀਪ ਸਿੰਘ) : ਤੇਰਾ ਆਸਾ ਟਰੱਸਟ ਨੇ ਦਿੱਲੀ ਗੁਰਦਵਾਰਾ ਕਮੇਟੀ ਦੇ ਕਾਨਫ਼ਰੰਸ ਹਾਲ ਵਿਖੇ ਚੋਣ ਅਮਲ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੇ ਪੁਲਿਸ ਬੁਲਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਾਰੇ ਠੋਸ ਕਾਰਵਾਈ ਕਰਨ ।ਇਥੇ ਜਾਰੀ ਇਕ ਬਿਆਨ ‘ਚ ਟਰੱਸਟ ਦੇ ਮੋਢੀ ਬਾਬਾ ਪੁਪਿੰਦਰ ਸਿੰਘ ਯੂਕੇ ਅਤੇ ਪ੍ਰਧਾਨ ਸ.ਇੰਦਰਜੀਤ ਸਿੰਘ ਵਿਕਾਸ ਪੁਰੀ ਨੇ ਕਿਹਾ, ‘ਸੋਸ਼ਲ ਮੀਡੀਆ ‘ਤੇ ਦੇਸ਼ ਵਿਦੇਸ਼ ਦੀ ਸੰਗਤਾਂ ਨੇ ਵੇਖਿਆ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਦਿੱਲੀ ਦੀਆਂ ਸੰਗਤਾਂ ਵਲੋਂ ਚੁਣੇ ਗਏ ਪੰਥਕ ਮੈਂਬਰਾਂ ਨੇ ਬੜਾ ਮਾੜਾ ਰੋਲ ਨਿਭਾਇਆ, ਜੋ ਅਫ਼ਸੋਸਨਾਕ ਸੀ।ਗੁਰੂ ਸਾਹਿਬ ਦੀ ਹਜ਼ੂਰੀ ਵਿਚ ਕਈ ਮੈਂਬਰ ਕੁਰਸੀਆਂ ਤੇ ਲੱਤ ਤੇ ਲੱਤ ਰੱਖ ਕੇ ਬੈਠੇ ਹੋਏ ਸਨ ਤੇ ਕਈਆਂ ਦੀ ਪਿੱਠ ਗੁਰੂ ਸਾਹਿਬ ਵੱਲ ਸੀ।ਕਈਆਂ ਨੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ। ਗੁਰੂ ਦੀ ਹਜ਼ੁਰੀ ਵਿਚ ਪੁਲਿਸ ਬੁਲਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ। ਸਿੱਖਾਂ ਦੇ ਹਿਰਦੇ ਨੂੰ ਵੱਡੀ ਸੱਟ ਇਹ ਵੀ ਲੱਗੀ ਕਿ ਸਵੇਰੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਤੇ ਰਾਤ 11 ਵੱਜੇ ਗਏ ਤੱਕ ਸੁਖਾਸਨ ਨਹੀਂ ਕੀਤਾ ਗਿਆ। ਫਿਰ ਸੰਗਤਾਂ ਦੇ ਜ਼ੋਰ ਪਾਉਣ ‘ਤੇ ਸੁਖਾਸਨ ਅਸਥਾਨ ‘ਤੇ ਲਿਜਾਉਣ ਦੀ ਲੋੜ ਸਮਝੀ ਗਈ।