
ਸਰਹੱਦ ਪਾਰ ਲਗਭਗ 135 ਅਤਿਵਾਦੀ ਕਸ਼ਮੀਰ ’ਚ ਘੁਸਪੈਠ ਕਰਨ ਲਈ ਤਿਆਰ ਬੈਠੇ ਹਨ : ਸਿੰਘ
ਸ੍ਰੀਨਗਰ, 24 ਜਨਵਰੀ : ਸੀਮਾ ਸੁਰੱਖਿਆ ਬਲ (ਬੀਐਸਐਫ਼) ਕਸਮੀਰ ਫਰੰਟੀਅਰ ਦੇ ਇੰਸਪੈਕਟਰ ਜਨਰਲ ਰਾਜਾ ਬਾਬੂ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਲਗਭਗ 135 ਅਤਿਵਾਦੀ ਭਾਰਤ ਵਿਚ ਘੁਸਪੈਠ ਕਰਨ ਲਈ ਸਰਹੱਦ ਪਾਰ ਤਿਆਰ ਬੈਠੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਕੰਟਰੋਲ ਲਾਈਨ (ਐਲਓਸੀ) ’ਤੇ ਸਥਿਤੀ “ਸ਼ਾਂਤੀਪੂਰਨ’’ ਹੈ। ਉਨ੍ਹਾਂ ਕਿਹਾ ਕਿ ਘੁਸਪੈਠ ਦੀਆਂ ਕੋਸ਼ਿਸ਼ਾਂ ਦੀਆਂ ਘਟਨਾਵਾਂ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ 2021 ਵਿਚ ਘੱਟ ਸੀ। ਬੀਐਸਐਫ਼ ਅਧਿਕਾਰੀ ਨੇ ਇਥੇ ਪੱਤਰਕਾਰਾਂ ਨੂੰ ਦਸਿਆ, ‘‘ਐਲਓਸੀ ’ਤੇ ਕੁਲ ਮਿਲਾ ਕੇ ਸਥਿਤੀ ਸ਼ਾਂਤੀਪੂਰਨ ਹੈ। ਜੰਗਬੰਦੀ ਸਮਝੌਤੇ ’ਤੇ ਹਸਤਾਖ਼ਰ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਦੀ ਸਰਹੱਦ ’ਤੇ ਕੰਟਰੋਲ ਲਾਈਨ ’ਤੇ ਸ਼ਾਂਤੀ ਬਣੀ ਹੋਈ ਹੈ। ਘੁਸਪੈਠ ਦੀਆਂ ਕੋਸ਼ਿਸ਼ਾਂ ਦੀਆਂ ਘਟਨਾਵਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ 2021 ਵਿਚ ਅਜਿਹੀਆਂ 58 ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਵਿਚ ਪੰਜ ਅਤਿਵਾਦੀ ਮਾਰੇ ਗਏ, 21 ਭੱਜ ਗਏ ਅਤੇ ਇਕ ਨੇ ਆਤਮ ਸਮਰਪਣ ਕੀਤਾ।
ਇੰਸਪੈਕਟਰ ਜਨਰਲ (ਆਈਜੀ) ਨੇ ਕਿਹਾ, “ਅਜਿਹੀਆਂ ਖ਼ਬਰਾਂ ਹਨ ਕਿ 2021 ਵਿਚ ਘੁਸਪੈਠ ਦੀਆਂ 31, 2019 ਵਿਚ 130 ਅਤੇ 2020 ਵਿਚ 36 ਘਟਨਾਵਾਂ ਹੋਈਆਂ ਹਨ। ਉਨ੍ਹਾਂ ਦਸਿਆ ਕਿ 2021 ਦੌਰਾਨ ਬੀ.ਐਸ.ਐਫ਼ ਨੇ ਵਖ-ਵਖ ਘਟਨਾਵਾਂ ਵਿਚ ਤਿੰਨ ਏ.ਕੇ.-47 ਰਾਈਫ਼ਲਾਂ, ਛੇ ਪਿਸਤੌਲ, 1,071 ਗੋਲਾ ਬਾਰੂਦ, 20 ਗ੍ਰਨੇਡ, ਦੋ ਆਈਈਡੀ ਅਤੇ 17.3 ਕਿਲੋ ਹੈਰੋਇਨ ਜਬਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ “104 ਤੋਂ 135 ਅਤਿਵਾਦੀ’’ ਕੰਟਰੋਲ ਰੇਖਾ ਦੇ ਪਾਰ ਵਖ-ਵਖ ਲਾਂਚ ਪੈਡਾਂ ’ਤੇ ਮੌਜੂਦ ਹਨ ਅਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਹਨ। ’’ ਇਹ ਵੀ ਰਿਪੋਰਟਾਂ ਹਨ ਕਿ ਕੁੱਝ ਗਾਈਡ ਇਥੋਂ ਰਵਾਨਾ ਹੋਏ ਹਨ ਅਤੇ ਐਲਓਸੀ ਪਾਰ ਕਰ ਕੇ ਉਸ ਪਾਸੇ ਪਹੁੰਚ ਗਏ ਹਨ। ਇਸ ਲਈ ਜਦੋਂ ਉਹ ਵਾਪਸ ਆਉਂਦੇ ਹਨ ਸਾਨੂੰ ਉਨ੍ਹਾਂ ’ਤੇ ਨਜ਼ਰ ਰਖਣ ਦੀ ਜ਼ਰੂਰਤ ਹੈ। ਉਨ੍ਹਾਂ ਦੇ ਪ੍ਰਵਾਰਾਂ ’ਤੇ ਨਜ਼ਰ ਰਖਣ ਦੀ ਲੋੜ ਹੈ।’’ ਤਾਲਿਬਾਨ ਦੀ ਧਮਕੀ ਬਾਰੇ ਪੁੱਛੇ ਜਾਣ ’ਤੇ, ਉਨ੍ਹਾਂ ਕਿਹਾ ਕਿ ਤਾਲਿਬਾਨ ਵਲੋਂ “ਹੁਣ ਤਕ ਕੁੱਝ ਨਹੀਂ’’ ਹੈ, ਪਰ ਅਸੀਂ ਘਟਨਾਕ੍ਰਮ ’ਤੇ ਨਜ਼ਰ ਰੱਖ ਰਹੇ ਹਾਂ।
ਅਫ਼ਗ਼ਾਨਿਸਤਾਨ ਤੋਂ ਕਸਮੀਰ ’ਚ ਹਥਿਆਰ ਲਿਆਂਦੇ ਜਾਣ ਦੀ ਸੰਭਾਵਨਾ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਅਜੇ ਤਕ ਕੱੁਝ ਵੀ ਠੋਸ ਜਾਣਕਾਰੀ ਨਹੀਂ ਮਿਲੀ ਹੈ ਪਰ ਅਸੀਂ ਇਸ ’ਤੇ ਨਜ਼ਰ ਰੱਖ ਰਹੇ ਹਾਂ। ਡਰੋਨ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਡਰੋਨਾਂ ਦਾ ਖ਼ਤਰਾ “ਬਹੁਤ ਅਸਲ’’ ਹੈ। ਉਨ੍ਹਾਂ ਕਿਹਾ, “ਪਿਛਲੇ ਸਾਲ ਵੀ, ਡਰੋਨ ਦੇਖੇ ਗਏ ਸਨ, ਪਰ ਸਾਡੇ ਖੇਤਰ ਵਿਚ ਕੋਈ ਵੀ ਨਹੀਂ ਮਿਲਿਆ।’’ ਉਨ੍ਹਾਂ ਕਿਹਾ, “ਇਸ ਸਾਲ, ਅਸੀਂ ਢੁਕਵੇਂ ਉਪਾਅ ਕਰ ਰਹੇ ਹਾਂ, ਡਰੋਨ ਵਿਰੋਧੀ ਤਕਨੀਕਾਂ ਨੂੰ ਅਪਣਾ ਰਹੇ ਹਾਂ ਅਤੇ ਅਸੀਂ ਇਸ ਨਾਲ ਬਹੁਤ ਪ੍ਰਭਾਵਸਾਲੀ ਢੰਗ ਨਾਲ ਨਜਿੱਠਾਂਗੇ।’’ (ਏਜੰਸੀ)