
'ਸਿੱਧੂ ਸਾਬ੍ਹ ਪਹਿਲਾਂ ਖ਼ੁਦ ਨੂੰ ਨਾਮਜ਼ਦ ਕਰਵਾ ਲਓ, 'ਆਪ' ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਬੰਦ ਕਰੋ'
ਭਗਵੰਤ ਮਾਨ ਦੀ ਨਵਜੋਤ ਸਿੰਘ ਸਿੱਧੂ ਨੂੰ ਸਲਾਹ -'ਇੱਜ਼ਤ ਕਰਵਾਉਣੀ ਹੈ ਤਾਂ ਕਰਨੀ ਵੀ ਸਿੱਖੋ'
ਚੰਡੀਗੜ੍ਹ : ਸੂਬੇ ਵਿਚ ਚੋਣਾਂ ਦੇ ਇਸ ਮੌਸਮ ਵਿਚ ਸਿਆਸੀ ਧਿਰਾਂ ਵਲੋਂ ਵਿਰੋਧੀਆਂ ਦੀਆਂ ਊਣਤਾਈਆਂ ਅਤੇ ਆਪਣੀਆਂ ਸਫ਼ਲਤਾਵਾਂ ਦੇ ਦੋਹਰੇ ਗਏ ਜਾ ਰਹੇ ਹਨ। ਭਾਵੇਂ ਕਿ ਵਿਰੋਧੀ ਧਿਰਾਂ ਨੂੰ ਨੀਵਾਂ ਦਿਖਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਿਆ ਜਾਂਦਾ ਪਰ ਅੱਗੇ ਵੀ ਜਵਾਬ ਆਉਣ ਵਿਚ ਜ਼ਿਆਦਾ ਸਮਾਂ ਨਹੀਂ ਲਗਦਾ।
ਇਸੇ ਸਿਲਸਲੇ ਦੇ ਤਹਿਤ ਅੱਜ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਭਗਵੰਤ ਮਾਨ ਨੇ ਪ੍ਰੈਸ ਕਾਨਫ਼ਰੰਸ ਕੀਤੀ ਜਿਸ ਵਿਚ ਉਨ੍ਹਾਂ ਨੇ ਵਿਰੋਧੀਆਂ ਵਲੋਂ ਆਪਣੀ ਪਾਰਟੀ 'ਤੇ ਲਗਾਏ ਜਾ ਰਹੇ ਇਲਜ਼ਾਮ ਦਾ ਜਵਾਬ ਤਾਂ ਦਿਤਾ ਹੀ ਇਸ ਦੇ ਨਾਲ ਹੀ ਕਈਆਂ ਨੂੰ ਆਪਣੇ ਨਿਸ਼ਾਨੇ 'ਤੇ ਵੀ ਲਿਆ।
Bhagwant Mann
ਬੀਤੇ ਦਿਨੀਂ ਕਾਂਗਰਸ ਛੱਡ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਬਿਆਨ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ, ''ਕੈਪਟਨ ਸਾਬ੍ਹ ਜੋ ਤੁਸੀਂ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ ਉਸ ਦਾ ਫ਼ਲ ਤੁਹਾਨੂੰ ਜ਼ਰੂਰ ਮਿਲੇਗਾ ਅਤੇ ਮਿਲ ਵੀ ਰਿਹਾ ਹੈ। ਸਾਢੇ ਚਾਰ ਸਾਲ ਚੁੱਪ ਕਰ ਕੇ ਬੈਠੇ ਰਹੇ ਅਤੇ ਹੁਣ ਕਹਿ ਰਹੇ ਹੋ ਕਿ ਕਾਂਗਰਸੀ ਆਗੂਆਂ ਦੇ ਕਾਰਨਾਮਿਆਂ ਦਾ ਤੁਹਾਨੂੰ ਪਤਾ ਸੀ ਪਰ ਕਾਂਗਰਸ ਦਾ ਅਕਸ ਬਚਾਉਣ ਲਈ ਤੁਸੀਂ ਉਨ੍ਹਾਂ 'ਤੇ ਕਾਰਵਾਈ ਨਹੀਂ ਕੀਤੀ। ਕੀ ਤੁਸੀਂ ਪਾਰਟੀ ਨੂੰ ਬਚਾਉਣ ਲਈ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਹੀ ਦਾਅ 'ਤੇ ਲਗਾ ਦਿਉਂਗੇ? ਕੈਪਟਨ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ।''
Bhagwant Mann
ਬੀਤੇ ਕੱਲ੍ਹ ਪਟਿਆਲਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ, ''ਚੋਣਾਂ ਨੇੜੇ ਤਣਾਅ ਵਧਾਉਣ ਲਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ, ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਜੰਗਲ ਟੱਪਣ ਦੀ ਕੋਸ਼ਿਸ ਕੀਤੀ ਗਈ ਅਤੇ ਹੁਣ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਚ ਵਾਪਰੀ ਇਹ ਘਟਨਾ ਬਹੁਤ ਨਿੰਦਣਯੋਗ ਹੈ। ਜੇਕਰ 2015 'ਚ ਬਰਗਾੜੀ ਘਟਨਾ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਹੁੰਦੀ ਅਤੇ ਇਨ੍ਹਾਂ ਦੇ ਮਾਸਟਰਮਾਈਂਡ ਅੰਦਰ ਹੁੰਦੇ ਤਾਂ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਨਾ ਵਾਪਰਦੀਆਂ।''
Bhagwant Mann
ਮਾਨ ਨੇ ਕਿਹਾ ਕਿ ਸੂਬੇ ਵਿਚ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਬਹੁਤ ਹੀ ਨਿੰਦਰਣਯੋਗ ਹਨ। ਪਟਿਆਲਾ ਵਿਖੇ ਵਾਪਰੀ ਘਟਨਾ ਪਿੱਛੇ ਵੀ ਮਾਸਟ ਮਾਈਂਡ ਕੋਈ ਹੋਰ ਹੈ। ਸੂਬੇ ਵਿਚ ਅਮਨ-ਸ਼ਾਂਤੀ ਰਹਿਣੀ ਚਾਹੀਦੀ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਸੂਬੇ ਵਿਚ ਮਜ਼ਬੂਤ ਸਰਕਾਰ ਆਵੇਗੀ।
'ਸਿੱਧੂ ਸਾਬ੍ਹ ਪਹਿਲਾਂ ਖ਼ੁਦ ਨੂੰ ਨਾਮਜ਼ਦ ਕਰਵਾ ਲਾਓ, 'ਆਪ' ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਬੰਦ ਕਰੋ'
ਨਵਜੋਤ ਸਿੱਧੂ ਦੇ 'ਆਪ' ਵਲੋਂ ਕਰਵਾਏ ਸਰਵੇ ਬਾਰੇ ਚੁੱਕੇ ਸਵਾਲਾਂ ਸਬੰਧੀ ਬੋਲਦਿਆਂ ਭਗਵੰਤ ਮਾਨ ਨੇ ਕਿਹਾ, ''ਨਵਜੋਤ ਸਿੰਘ ਸਿੱਧੂ ਨੇ 'ਆਪ' ਵਲੋਂ CM ਚਿਹਰੇ ਲਈ ਕਰਵਾਈ ਰਾਇਸ਼ੁਮਾਰੀ 'ਤੇ ਸਵਾਲ ਚੁੱਕੇ ਹਨ। ਪਹਿਲਾਂ ਉਹ ਖ਼ੁਦ ਨੂੰ ਨਾਮਜ਼ਦ ਕਰਵਾ ਲੈਣ ਕਿਉਂਕਿ ਸਭ ਤੋਂ ਪਹਿਲਾਂ ਇਨ੍ਹਾਂ ਨੇ ਹੀ 'ਆਪ' ਦੇ CM ਚਿਹਰੇ ਬਾਰੇ ਸਵਾਲ ਚੁੱਕੇ ਸਨ। ਸਿੱਧੂ ਸਾਬ੍ਹ ਹਾਈ ਕਮਾਂਡ ਨੂੰ ਕਹਿ ਕੇ ਆਪਣਾ ਸਰਵੇ ਕਰਵਾ ਲੈਣ ਪਰ ਸਾਡੀ ਪਾਰਟੀ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਾ ਕਰਨ।''
Bhagwant Mann
ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਧੂ ਵਲੋਂ ਵਰਤੀ ਜਾਂਦੀ ਰੁੱਖੀ ਸ਼ਬਦਾਵਲੀ 'ਤੇ ਵੀ ਇਤਰਾਜ਼ ਜਾਹਰ ਕਰਦਿਆਂ ਕਿਹਾ, ''ਨਵਜੋਤ ਸਿੱਧੂ ਸਾਰਿਆਂ ਨੂੰ 'ਤੂੰ' ਕਰ ਕੇ ਬੋਲਦੇ ਹਨ। ਇਹ 'ਤੂੰ-ਤੜਾਕ ਵਾਲੀ ਸ਼ਬਦਾਵਲੀ ਬਹੁਤ ਹੀ ਗ਼ਲਤ ਹੈ। ਜੇਕਰ ਇੱਜ਼ਤ ਕਰਵਾਉਣੀ ਹੈ ਤਾਂ ਪਹਿਲਾਂ ਦੂਜਿਆਂ ਨੂੰ ਸਤਿਕਾਰ ਨਾਲ ਬੋਲ ਕੇ ਉਨ੍ਹਾਂ ਦੀ ਇੱਜ਼ਤ ਕਰਨੀ ਵੀ ਸਿੱਖੋ।'' ਮਾਨ ਨੇ ਕਿਹਾ ਕਿ ਅਸੀਂ ਵਿਰੋਧੀ ਪਾਰਟੀਆਂ ਵਾਂਗ ਪੈਸੇ ਨਾਲ ਨਹੀਂ ਸਗੋਂ ਮੁਹੱਬਤ ਨਾਲ ਜਿੱਤਦੇ ਹਾਂ। ਪੰਜਾਬੀਆਂ ਨੇ ਮਨ ਬਣਾ ਲਿਆ ਹੈ, ਇਸ ਵਾਰ ਪੰਜਾਬ ਵਿਚ 'ਝਾੜੂ' ਹੀ ਫਿਰੇਗਾ'।