
ਭਿ੍ਰਸ਼ਟਾਚਾਰ ਮੁਕਤ ਮੁਲਕਾਂ ਦੀ ਸੂਚੀ ਵਿਚ ਨਿਊਜ਼ੀਲੈਂਡ, ਡੈਨਮਾਰਕ ਤੇ ਫ਼ਿਨਲੈਂਡ 88 ਅੰਕ ਲੈ ਕੇ ਪਹਿਲੇ ਨੰਬਰ ’ਤੇ
ਭਾਰਤ 40 ਅੰਕ ਲੈ ਕੇ 85ਵੇਂ ਨੰਬਰ ’ਤੇ
ੇਔਕਲੈਂਡ, 25 ਜਨਵਰੀ (ਹਰਜਿੰਦਰ ਸਿੰਘ ਬਸਿਆਲਾ) : ‘ਟਰਾਂਸਪਰੇਂਸੀ ਇੰਟਰਨੈਸ਼ਨਲ’ ਵਲੋਂ 180 ਵਖ-ਵਖ ਦੇਸ਼ਾਂ ਦੇ ਰਿਸ਼ਵਤਖੋਰੀ ਭਾਵ ਭਿ੍ਰਸ਼ਟਾਚਾਰ ਪ੍ਰਤੀ ਕੀਤੇ ਗਏ ਸਰਵੇਖਣ ਅਤੇ ਅਧਿਐਨ ਵਿਚ ਪਤਾ ਲੱਗਾ ਹੈ ਕਿ ਨਿਊਜ਼ੀਲੈਂਡ, ਡੈਨਮਾਰਕ ਅਤੇ ਫ਼ਿਨਲੈਂਡ ਸਭ ਤੋਂ ਘੱਟ ਭਿ੍ਰਸ਼ਟ ਦੇਸ਼ਾਂ ਦੀ ਸੂਚੀ ਵਿਚ 88 ਨੰਬਰ ਲੈ ਕੇ ਪਹਿਲੇ ਨੰਬਰ (ਅੱਵਲ) ’ਤੇ ਆਏ ਹਨ। ਦੇਸ਼ ਦੇ ਨਿਆਂ ਤੇ ਇਮੀਗ੍ਰੇਸ਼ਨ ਮੰਤਰੀ ਕਿ੍ਰਸ ਫ਼ਾਫ਼ੋਇ ਨੇ ਇਸ ਖ਼ਬਰ ਉਤੇ ਖ਼ੁਸ਼ੀ ਪ੍ਰਗਟ ਕਰਦਿਆਂ ਨਿਊਜ਼ੀਲੈਂਡ ਉਤੇ ਮਾਣ ਮਹਿਸੂਸ ਕੀਤਾ ਹੈ। 2013, 2014 ਅਤੇ 2015 ਵਿਚ ਨਿਊਜ਼ੀਲੈਂਡ 91 ਅੰਕ ਪ੍ਰਾਪਤ ਕਰ ਗਿਆ ਸੀ ਅਤੇ ਹੁਣ 2020 ਅਤੇ 2021 ਵਿਚ 88 ਅੰਕ ਹੀ ਲੈ ਸਕਿਆ ਹੈ, ਜੋ ਕਿ ਪਹਿਲੇ ਨੰਬਰ ਉਤੇ ਆਉਣ ਵਾਸਤੇ ਦੂਜੇ ਮੁਲਕਾਂ ਦੇ ਬਰਾਬਰ ਰਹੇ ਹਨ। 2018 ਵਿਚ ਨਿਊਜ਼ੀਲੈਂਡ ਦੂਜੇ ਨੰਬਰ ਉਤੇ ਆਇਆ ਸੀ ਅਤੇ ਫਿਰ ਲਗਾਤਾਰ ਪਹਿਲੇ ਨੰਬਰ ਉਤੇ ਆ ਰਿਹਾ ਹੈ। ਨਿਊਜ਼ੀਲੈਂਡ ’ਚ ਗ਼ੈਰ ਭਿ੍ਰਸ਼ਟਾਚਾਰ ਨੂੰ ਲੈ ਕੇ ਬਹੁਤ ਵਾਰੀ ਇਸ ਦੀ ਸ਼ਲਾਘਾ ਹੋਈ ਹੈ। ਇਥੇ ਰਹਿਣ ਵਾਲੇ ਇਸ ਗਲ ਉਤੇ ਅਕਸਰ ਮਾਣ ਮਹਿਸੂਸ ਕਰਦੇ ਹਨ। ਇਸ ਵਾਰ ਦੂਜੇ ਅਤੇ ਤੀਜੇ ਨੰਬਰ ਉਤੇ ਕੋਈ ਨਹੀਂ ਰਖਿਆ ਗਿਆ, ਕਿਉਂਕਿ 87 ਅਤੇ 86 ਅੰਕ ਕਿਸੇ ਨੇ ਨਹੀਂ ਪ੍ਰਾਪਤ ਕੀਤੇ। 85 ਅੰਕ ਲੈ ਕੇ ਨਾਰਵੇ, ਸਿੰਗਾਪੁਰ ਅਤੇ ਸਵੀਡਨ ਚੌਥੇ ਨੰਬਰ ਉਤੇ ਆਏ ਹਨ। ਇੰਗਲੈਂਡ 11ਵੇਂ, ਕੈਨੇਡਾ 13ਵੇਂ, ਆਸਟਰੇਲੀਆ 18ਵੇਂ ਅਤੇ ਅਮਰੀਕਾ 27ਵੇਂ ਨੰਬਰ ਉਤੇ ਆਇਆ ਹੈ। ਪਾਕਿਸਤਾਨ ਦਾ ਨੰਬਰ 140 ਹੈ ਜਦ ਕਿ ਸਭ ਤੋਂ ਅਖੀਰ ਵਿਚ ਸਾਊਥ ਸੁਡਾਨ ਹੈ ਜੋ ਸਿਰਫ 11 ਅੰਕ ਲੈ ਸਕਿਆ ਅਤੇ 180ਵਾਂ ਨੰਬਰ ਹੈ। ਸਭ ਤੋਂ ਘੱਟ ਰਿਸ਼ਵਤਖੋਰੀ ਬਾਰੇ ਮੁਲਕਾਂ ਨੂੰ ਪੀਲੇ ਰੰਗ ਵਿਚ ਰਖਿਆ ਗਿਆ ਹੈ ਅਤੇ ਸਭ ਤੋਂ ਭਿ੍ਰਸ਼ਟ ਮੁਲਕਾਂ ਨੂੰ ਲਾਲ ਰੰਗ ਵਲ ਵਧਦੇ ਵਿਖਾਇਆ ਗਿਆ ਹੈ।