
ਚਾਕੂ ਤੇ ਲੁੱਟਿਆ ਹੋਇਆ ਸਾਮਾਨ ਵੀ ਕੀਤਾ ਬਰਾਮਦ
ਜਲੰਧਰ: ਜਲੰਧਰ ਸ਼ਹਿਰ 'ਚ ਮੰਗਲਵਾਰ ਨੂੰ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਬਸਤੀ ਬਾਵਾ ਖੇਲ ਇਲਾਕੇ ਦੇ ਤਾਰਾ ਸਿੰਘ ਐਵੀਨਿਊ ਨਾਲ ਲੱਗਦੇ ਕੱਚਾ ਕੋਟ ਵਿੱਚ ਕਮਲਜੀਤ ਕੌਰ (49) ਦੀ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਲੁਟੇਰਿਆਂ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਲੁਟੇਰਿਆਂ ਨੇ ਘਰ ਵਿੱਚ ਮੌਜੂਦ ਕਮਲਜੀਤ ਦੇ 17 ਸਾਲਾ ਪੁੱਤਰ ਸਤਬੀਰ ਨੂੰ ਵੀ ਬੰਧਕ ਬਣਾ ਲਿਆ ਸੀ।
ਡੀਸੀਪੀ ਜਸਕਿਰਨ ਸਿੰਘ ਤੇਜਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਕੁਮਾਰ ਵਾਸੀ ਕਾਜੀ ਮੰਡੀ ਅਤੇ ਕਮਲੇਸ਼ ਕੁਮਾਰ ਹਾਲ ਵਾਸੀ ਲੰਮਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਪੇਸ਼ੇਵਰ ਅਪਰਾਧੀ ਹਨ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਇੱਕ ਕਤਲ ਕੇਸ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਹੈ। ਦੋਵਾਂ ਨੇ ਕਤਲ ਕਰਨ ਤੋਂ ਪਹਿਲਾਂ ਕਮਲਜੀਤ ਕੌਰ ਦੇ ਘਰ ਦੀ ਰੇਕੀ ਕੀਤੀ ਅਤੇ ਉਸ ਤੋਂ ਬਾਅਦ ਮੌਕਾ ਪਾ ਕੇ ਘਰ ਅੰਦਰ ਦਾਖਲ ਹੋ ਗਏ।
ਪੁਲਿਸ ਅਨੁਸਾਰ ਕਮਲਜੀਤ ਕੌਰ ਮੰਗਲਵਾਰ ਦੁਪਹਿਰ 1:58 ਵਜੇ ਆਪਣੀ ਭਰਜਾਈ ਨਾਲ ਫੋਨ ’ਤੇ ਗੱਲ ਕਰ ਰਹੀ ਸੀ। ਉਸੇ ਸਮੇਂ ਦੋਵੇਂ ਦੋਸ਼ੀ ਘਰ 'ਚ ਦਾਖਲ ਹੋ ਗਏ। ਅੰਦਰ ਵੜਦਿਆਂ ਹੀ ਦੋਵਾਂ ਨੇ ਪਹਿਲਾਂ ਕਮਲਜੀਤ ਕੌਰ ਦੇ ਲੜਕੇ ਸਤਬੀਰ ਨੂੰ ਬੰਧਕ ਬਣਾ ਲਿਆ ਅਤੇ ਬਾਅਦ ਦੁਪਹਿਰ ਕਰੀਬ 2.30 ਅਤੇ 3 ਵਜੇ ਕਮਲਜੀਤ ਕੌਰ ਦਾ ਕਤਲ ਕਰ ਦਿੱਤਾ।
ਪੜ੍ਹੋ ਪੂਰੀ ਖਬਰ: ਰੋਹਤਕ 'ਚ ਡਾਕਟਰ ਨੇ ਪਤਨੀ ਤੇ ਦੋ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਵੱਢਿਆ ਉਹਨਾਂ ਦਾ ਗਲਾ
ਜਾਣਕਾਰੀ ਦਿੰਦਿਆਂ ਜੇਠਾਣੀ ਨੇ ਦੱਸਿਆ ਕਿ ਜਦੋਂ ਕਾਤਲਾਂ ਨੇ ਹਮਲਾ ਕਰ ਦਿੱਤਾ ਤਾਂ ਉਹ ਆਪਣੀ ਭਰਜਾਈ ਨਾਲ ਫੋਨ 'ਤੇ ਗੱਲ ਕਰ ਰਹੀ ਸੀ। ਉਸ ਨੇ ਉਸ ਦੀਆਂ ਚੀਕਾਂ ਸੁਣੀਆਂ ਪਰ ਇਸ ਤੋਂ ਬਾਅਦ ਕਈ ਵਾਰ ਫੋਨ ਆਇਆ ਪਰ ਕਮਲਜੀਤ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਕੁਝ ਦੇਰ ਬਾਅਦ ਉਸ ਨੂੰ ਸੂਚਨਾ ਮਿਲੀ ਕਿ ਕਮਲਜੀਤ ਦਾ ਕਤਲ ਹੋ ਗਿਆ ਹੈ।
ਪੜ੍ਹੋ ਪੂਰੀ ਖਬਰ: 'ਭਾਰਤ ਨੇ ਦੱਸਿਆ ਸੀ ਕਿ ਪਾਕਿਸਤਾਨ ਬਾਲਾਕੋਟ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਰਮਾਣੂ ਹਮਲੇ ਦੀ ਤਿਆਰੀ ਕਰ ਰਿਹਾ ਸੀ'
ਕਤਲ ਕਰਨ ਤੋਂ ਬਾਅਦ ਲੁਟੇਰੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ। ਕਤਲ ਦੇ ਸਮੇਂ ਔਰਤ ਦਾ ਲੜਕਾ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ ਅਤੇ ਘਰ ਚ ਕੰਮ ਕਰਨ ਵਾਲੀ ਔਰਤ ਘਰ ਦੀ ਛੱਤ ਉੱਤੇ ਗਈ ਹੋਈ ਸੀ। ਲੁਟੇਰਿਆਂ ਨੇ ਔਰਤ ਦੇ ਲੜਕੇ ਸਤਬੀਰ ਨੂੰ ਟੇਪਾਂ ਨਾਲ ਬੰਨ੍ਹ ਦਿੱਤਾ ਸੀ। ਲੁਟੇਰੇ ਘਰ 'ਚੋਂ ਮੋਬਾਈਲ ਫ਼ੋਨ, ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ |
ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਲੁਟੇਰਿਆਂ ਕੋਲੋਂ ਵਾਰਦਾਤ ਵਿੱਚ ਵਰਤਿਆ ਚਾਕੂ, ਲੁੱਟੇ ਗਏ ਗਹਿਣੇ, ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਲੁਟੇਰਿਆਂ ਨੇ ਔਰਤ ਦੀ ਗਰਦਨ 'ਤੇ ਚਾਕੂ ਨਾਲ ਦੋ ਵਾਰ ਕੀਤੇ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੁਲਿਸ ਟੀਮਾਂ ਨੇ ਇਸ ਮਾਮਲੇ ਨੂੰ ਤਕਨੀਕੀ ਤੌਰ 'ਤੇ ਅਤੇ ਆਪਣੇ ਸਰੋਤ ਨੈੱਟਵਰਕ ਰਾਹੀਂ ਹੱਲ ਕੀਤਾ ਹੈ।