ਪਰਿਵਾਰ ਦੇ ਨਾਲ ਸੈਂਕੜੇ ਇਲਾਕਾ ਨਿਵਾਸੀ ਰਹੇ ਮੌਜੂਦ
ਰੂਪਨਗਰ: ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਡੋਡਾ ਵਿਖੇ ਫੌਜੀ ਜਵਾਨਾਂ ਦੀ ਗੱਡੀ ਗਹਿਰੀ ਖੱਡ ਵਿੱਚ ਡਿੱਗਣ ਦੇ ਕਾਰਨ 9 ਦੇ ਕਰੀਬ ਫੌਜੀ ਸ਼ਹੀਦ ਹੋ ਗਏ ਸਨ, ਜਿਸ ਵਿੱਚ ਜ਼ਿਲ੍ਹਾ ਰੂਪਨਗਰ ਨਾਲ ਸਬੰਧਤ ਫੌਜੀ ਜੋਬਨਜੀਤ ਸਿੰਘ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ। ਜੋਬਨਜੀਤ ਦਾ ਕੱਲ੍ਹ ਗ੍ਰਹਿ ਨਿਵਾਸ ਵਿਖੇ ਸਸਕਾਰ ਹੋਣ ਉਪਰੰਤ ਅੱਜ ਜਿੱਥੇ ਪਰਿਵਾਰਕ ਮੈਂਬਰ ਮੌਜੂਦ ਸਨ, ਉੱਥੇ ਹੀ ਸੈਂਕੜੇ ਦੇ ਕਰੀਬ ਪਿੰਡ ਵਾਸੀ ਵੀ ਮੌਜੂਦ ਰਹੇ ਅਤੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਸ਼ਹੀਦ ਜੋਬਨਜੀਤ ਸਿੰਘ ਦੀਆਂ ਅਸਤੀਆਂ ਅਰਦਾਸ ਕਰਨ ਉਪਰੰਤ ਜਲ ਪ੍ਰਵਾਹ ਕੀਤੀਆਂ ਗਈਆਂ।
ਦੱਸ ਦੇਈਏ ਕਿ 11 ਮਾਰਚ 2000 ਵਿੱਚ ਜਨਮ ਲੈਣ ਵਾਲੇ ਜੋਬਨਜੀਤ ਸਿੰਘ ਨੇ ਮਹਿਜ਼ ਲਗਭਗ 25 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਅਤੇ ਅਗਲੇ ਮਹੀਨੇ ਫਰਵਰੀ ਵਿੱਚ ਉਹਨਾਂ ਦਾ ਵਿਆਹ ਵੀ ਰੱਖਿਆ ਗਿਆ ਸੀ, ਜਿੱਥੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ, ਉੱਥੇ ਹੀ ਪੂਰੇ ਜ਼ਿਲ੍ਹਾ ਰੂਪਨਗਰ ਵਿੱਚ ਸੋਕ ਦੀ ਲਹਿਰ ਫੈਲੀ ਹੋਈ ਹੈ।
