
‘ਘਰ-ਘਰ ਰੁਜ਼ਗਾਰ ਤੇ ਕਾਰੋਬਾਰ’ ਮਿਸ਼ਨ ਤਹਿਤ 3000 ਮਿੰਨੀ ਬੱਸ ਪਰਮਿਟਾਂ ਦੀ ਵੰਡ ਲਈ ਕੈਪਟਨ ਨੇ ਕੀਤੀ ਸ਼ੁਰੂਆਤ
ਡਰਾਈਵਿੰਗ ਲਾਇਸੈਂਸਾਂ ਦੀ ਘਰ-ਘਰ ਡਲਿਵਰੀ ਦਾ ਵੀ ਕੀਤਾ ਐਲਾਨ
ਚੰਡੀਗੜ੍ਹ, 24 ਫ਼ਰਵਰੀ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ‘ਸੀਮਾ ਰਹਿਤ ਮਿੰਨੀ ਬੱਸ ਪਰਮਿਟ ਪਾਲਿਸੀ’ ਦਾ ਐਲਾਨ ਕੀਤਾ ਜਿਸ ਤਹਿਤ ਪੇਂਡੂ ਨੌਜਵਾਨਾਂ ਲਈ ਅਜਿਹੇ ਪਰਮਿਟਾਂ ਲਈ ਅਪਲਾਈ ਕਰਨ ਵਾਸਤੇ ਕੋਈ ਸਮਾਂ-ਸੀਮਾ ਨਹੀਂ ਹੈ। ਇਸ ਮੌਕੇ ਉਨ੍ਹਾਂ ਵਲੋਂ ਡਰਾਇਵਿੰਗ ਲਾਇਸੈਂਸਾਂ ਦੀ ਘਰ-ਘਰ ਡਲਿਵਰੀ ਸਮੇਤ ਰਾਜ ਟਰਾਂਸਪੋਰਟ ਵਿਭਾਗ ਦੇ ਹਾਈ-ਟੈੱਕ ਇੰਸਟੀਚਿਊਟਜ਼ ਦਾ ਨੀਂਹ ਪੱਥਰ ਵੀ ਰਖਿਆ।
ਮੁੱਖ ਮੰਤਰੀ ਨੇ ‘ਘਰ ਘਰ ਰੁਜ਼ਗਾਰ ਤੇ ਕਾਰੋਬਾਰ’ ਮਿਸ਼ਨ ਨੂੰ ਹੋਰ ਅੱਗੇ ਲਿਜਾਂਦੇ ਹੋਏ ਪੇਂਡੂ ਨੌਜਵਾਨਾਂ ਲਈ 3000 ਮਿੰਨੀ ਬੱਸ ਪਰਮਿਟਾਂ ਦੀ ਵੰਡ ਦੀ ਵਰਚੁਅਲ ਸ਼ੁਰੂਆਤ ਕੀਤੀ ਅਤੇ ਸੰਕੇਤਕ ਰੂਪ ਵਿਚ ਪੰਜ ਲਾਭਪਾਤਰੀਆਂ ਨੂੰ ਪਰਮਿਟ ਦਿਤੇ। ਉਨ੍ਹਾਂ ਕਿਹਾ ਕਿ ਭਾਵੇਂ ਅੱਜ 3000 ਪਰਮਿਟ ਸੌਂਪੇ ਜਾ ਰਹੇ ਹਨ ਜਦਕਿ ਇਸ ਸਾਲ ਦੇ ਬਾਕੀ ਸਮੇਂ ਵਿੱਚ 8000 ਹੋਰ ਪਰਮਿਟ ਜਾਰੀ ਹੋਣਗੇ ਜਿਸ ਨਾਲ ਸਾਲ ਦੇ ਅੰਤ ਤੱਕ 11000 ਪਰਮਿਟ ਵੰਡੇ ਜਾਣਗੇ ਅਤੇ ਇਸ ਨਾਲ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਵਿਭਾਗ ਨੂੰ ਸਾਰੇ ਬੱਸ ਪਰਮਿਟਾਂ ਦੀਆਂ ਅਰਜ਼ੀਆਂ ਦੀ ਪ੍ਰਾਪਤੀ ਅਤੇ ਅਗਲੇਰੀ ਪ੍ਰਕ੍ਰਿਆ ਲਈ ਅਗਲੇ ਤਿੰਨ ਮਹੀਨਿਆਂ ਵਿਚ ਵਰਤੋਂਕਾਰ ਪੱਖੀ ਆਨਲਾਈਨ ਸੁਵਿਧਾ ਸਿਰਜਣ ਦੀ ਹਦਾਇਤ ਕੀਤੀ ਤਾਂ ਕਿ ਇਸ ਪ੍ਰਣਾਲੀ ਨੂੰ ਹੋਰ ਵਧੇਰੇ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾ ਸਕੇ। ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਅਪਣੇ ਕਾਰਜਕਾਲ ਦੌਰਾਨ ਬਿਨਾਂ ਕਿਸੇ ਪ੍ਰਚਾਰ ਅਤੇ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਕੱੁਝ ਚੋਣਵੇਂ ਵਿਅਕਤੀਆਂ ਨੂੰ ਗ਼ੈਰ-ਕਾਨੂੰਨੀ ਪਰਮਿਟ ਜਾਰੀ ਕਰਨ ਲਈ ਉਨ੍ਹਾਂ ’ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਿਵੇਕਲੀਆਂ ਪਹਿਲਕਦਮੀਆਂ ਸੁਵਿਧਾਜਨਕ ਪੇਂਡੂ ਸੰਪਰਕ ਅਤੇ ਨਿਰਵਿਘਨ ਤੇ ਫੌਰੀ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵਿਚ ਬੇਹੱਦ ਸਹਾਈ ਸਾਬਤ ਹੋਣਗੀਆਂ।
ਇਸ ਮੌਕੇ ਮੁੱਖ ਮੰਤਰੀ ਨੇ ‘ਘਰ ਘਰ ਰੋਜ਼ਗਾਰ ਤੇ ਕਰੋਬਾਰ’ ਮਿਸ਼ਨ ਤਹਿਤ 22.50 ਕਰੋੜ ਰੁਪਏ ਦੀ ਲਾਗਤ ਨਾਲ ‘ਡਰਾਇਵਿੰਗ ਅਤੇ ਟਰੈਫ਼ਿਕ ਖੋਜ ਸੰਸਥਾ (ਆਈ.ਡੀ.ਟੀ.ਆਰ.) ਕਪੂਰਥਲਾ ਦਾ ਨੀਂਹ ਪੱਥਰ ਵੀ ਰਖਿਆ। ਪੇਂਡੂ ਨੌਜਵਾਨਾਂ ਨੂੰ ਗੁਣਵੱਤਾ ਸਿਖਲਾਈ ਦੇਣ ਲਈ ਇਸ ਦੀ ਸਿਖਲਾਈ ਸਮਰੱਥਾ ਸਾਲਾਨਾ 20,000 ਡਰਾਈਵਰਾਂ ਨੂੰ ਸਿਖਲਾਈ ਦੇਣ ਦੀ ਹੋਵੇਗੀ ਜਿਸ ਨਾਲ ਨੌਜਵਾਨ ਲਈ ਦੇਸ਼ ਅਤੇ ਵਿਦੇਸ਼ਾਂ ਵਿਚ ਹੁਨਰਮੰਦ ਡਰਾਈਵਰਾਂ ਵਜੋਂ ਰੁਜ਼ਗਾਰ ਦੇ ਅਵਸਰ ਪੈਦਾ ਹੋਣਗੇ ਅਤੇ ਹੋਰ ਸਿਖਲਾਈ ਸੰਸਥਾਵਾਂ ਦੇ ਡਰਾਈਵਰਾਂ ਅਤੇ ਇੰਸਟ੍ਰੱਕਟਰਾਂ ਲਈ ਕੁਆਲੀਫ਼ਾਈ ਟਰੇਨਰ ਬੇਸ ਤਿਆਰ ਕੀਤਾ ਜਾਵੇਗਾ।